ਐੱਸ.ਏ.ਐਸ. ਨਗਰ (ਮੋਹਾਲੀ) : ਵਿਸ਼ਵ ਸਾਈਕਲ ਦਿਵਸ ਸਬੰਧੀ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਫੇਜ਼-07, ਮੋਹਾਲੀ ਵਿਖੇ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਅਤੇ ਵਿਸ਼ਾਲ ਸਾਈਕਲ ਰੈਲੀ ਬੜੇ ਉਤਸ਼ਾਹ ਅਤੇ ਜੋਸ਼ ਨਾਲ ਕਰਵਾਈ ਗਈ। ਇਸ ਸਮਾਗਮ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਸਾਈਕਲਿੰਗ ਖੇਡ ਨਾਲ ਜੋੜਨਾ, ਉਨ੍ਹਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਮਹਿਲਾ ਸਾਈਕਲ ਸਵਾਰਾਂ ਨੇ ਵੱਖ-ਵੱਖ ਉਮਰ ਵਰਗਾਂ ਵਿੱਚ ਭਾਗ ਲੈ ਕੇ ਆਪਣੀ ਕਾਬਲਿਅਤ, ਹੁਨਰ ਅਤੇ ਜਜ਼ਬੇ ਦਾ ਪ੍ਰਦਰਸ਼ਨ ਕੀਤਾ। ਖਿਡਾਰੀਆਂ ਵਿੱਚ ਮੁਕਾਬਲਿਆਂ ਨੂੰ ਲੈ ਕੇ ਵੱਡਾ ਜੋਸ਼ ਦੇਖਣ ਨੂੰ ਮਿਲਿਆ ਅਤੇ ਹਰ ਵਰਗ ਵਿੱਚ ਫਸਵੀਂ ਟੱਕਰ ਰਹੀ। ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਸਬ ਜੂਨੀਅਰ ਵਰਗ ਵਿੱਚ ਅਰਸ਼ਿਤਾ ਨੇ ਪਹਿਲਾ ਅਤੇ ਪਰੀਨਾਜ਼ ਨੇ ਦੂਜਾ ਸਥਾਨ ਹਾਸਲ ਕੀਤਾ। ਸਮਾਗਮ ਵਿੱਚ ਜੂਨੀਅਰ ਵਰਲਡ ਚੈਂਪੀਅਨ ਹਾਕੀ ਖਿਡਾਰੀ ਇੰਦਰਜੀਤ ਸਿੰਘ ਚੱਢਾ, ਮੈਡਮ ਜੋਤਇੰਦਰ ਕੌਰ ਕਮਾਂਡੈਂਟ ਸੀਆਈਐਸਐਫ, ਬ੍ਰਿਗੇਡੀਅਰ ਐਚ.ਐਸ. ਬੇਦੀ ਅਤੇ ਪਰਦੀਪ ਕੁਮਾਰ ਈਟੀਓ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸਮਾਗਮ ਦੇ ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਹ ਸਮਾਗਮ ਮਹਿਲਾ ਸਸ਼ਕਤੀਕਰਨ ਅਤੇ ਖੇਡ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।