ਕੋਟਕਪੂਰਾ : ਉਦਾਸੀਨ ਆਸ਼ਰਮ ਡੇਰਾ ਇਮਾਮਗੜ੍ਹ ਵਿਖੇ ਸੁਆਮੀ ਰਾਮਾ ਨੰਦ ਦੀ ਸਲਾਨਾ 44ਵੀਂ ਬਰਸੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਮੌਕੇ ਸਪੀਕਰ ਸੰਧਵਾਂ ਦੁਆਰਾ ਭਾਈ ਘਨੱਈਆ ਸੁਸਾਇਟੀ ਵਿੱਚ ਕੀਤੇ ਵਿਸ਼ੇਸ਼ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਦੇਵਿੰਦਰ ਸੈਫ਼ੀ ਨੇ ਦੱਸਿਆ ਕਿ ਅਜਿਹੇ ਕਾਰਜਾਂ ਲਈ ਮਾਨਵੀ ਸੰਵੇਦਨਾ ਅਤੇ ਸੇਵਾ ਭਾਵਨਾ ਦੀ ਜ਼ਰੂਰਤ ਹੁੰਦੀ ਹੈ। ਸਪੀਕਰ ਸੰਧਵਾਂ ਨੇ ਇਕੱਤਰ ਹੋਈ ਸੰਗਤ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਹੈ, ਨੂੰ ਬੁਰੀ ਨਜ਼ਰ ਲੱਗੀ ਹੋਈ ਹੈ, ਉਨ੍ਹਾਂ ਉਮੀਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਨਜ਼ਰ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਨਾਲ ਲਹਿ ਜਾਣੀ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਕੋਲ ਸਭ ਤੋਂ ਵੱਡਾ ਸੂਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸੂਰਜ ਦੇ ਸਾਹਮਣੇ ਅੱਖਾਂ ਮੀਚੀ ਰੱਖਾਂਗੇ, ਉਸ ਵਿੱਚ ਸੂਰਜ ਦਾ ਕਸੂਰ ਨਹੀਂ ਬਲਕਿ ਸਾਡੇ ਜੀਵਨ ਵਿਚ ਹਨੇਰਾ ਹੈ। ਇਸ ਲਈ ਸਾਨੂੰ ਸਭ ਤੋਂ ਪਹਿਲਾਂ ਪੰਜਾਬ ਨੂੰ ਸੁਧਾਰਨ ਦੀ ਸ਼ੁਰੂਆਤ ਆਪਣੇ ਘਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਪੰਜਾਬ ਦਾ ਪਾਣੀ ਗੰਧਲਾ ਹੋ ਰਿਹਾ ਹੈ ਅਸੀਂ ਉਸ ਨੂੰ ਰੋਕੀਏ, ਕਿਉਂਕਿ ਸਾਡੇ ਪੰਜਾਬ ਦਾ ਸਾਰਾ ਦਾਰੋਮਦਾਰ ਪਾਣੀਆਂ ’ਤੇ ਹੀ ਟਿਕਿਆ ਹੋਇਆ ਹੈ। ਉਨ੍ਹਾਂ ਇਸ ਮੌਕੇ ਫ਼ਰੀਦਕੋਟ ਦੇ ਇਕ ਅਗਾਂਹਵਧੂ ਕਿਸਾਨ ਗੁਰਪ੍ਰੀਤ ਚੰਦਬਾਜਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਸ ਕਿਸਾਨ ਨੇ ਅੱਜ ਤੱਕ ਕਦੇ ਵੀ ਆਪਣੇ ਖੇਤਾਂ ਅੰਦਰ ਨਾੜ ਨੂੰ ਅੱਗ ਨਹੀਂ ਲਗਾਈ। ਇਸ ਤੋਂ ਪਹਿਲਾ ਅਦਾਰਾ ਅਜੀਤ ਉਪ ਦਫ਼ਤਰ ਸੰਗਰੂਰ ਦੇ ਜ਼ਿਲ੍ਹਾ ਇੰਚਾਰਜ ਸੁਖਵਿੰਦਰ ਸਿੰਘ ਫੁੱਲ ਨੇ ਵੀ ਹਾਜ਼ਰੀ ਭਰੀ।