ਅੰਮ੍ਰਿਤਸਰ : ਮਿਲਕ ਪਲਾਂਟ ਵੇਰਕਾ ਇੱਕ ਸਹਿਕਾਰੀ ਅਦਾਰਾ ਹੈ, ਜੋ ਆਪਣੇ ਸਥਾਪਨਾ ਸਮੇਂ ਤੋਂ ਹੀ ਇਸ ਖੇਤਰ ਦੇ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਆ ਰਿਹਾ ਹੈ। ਇਹ ਅਦਾਰਾ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਅਤੇ ਡੇਅਰੀ ਫਾਰਮਾਂ ਤੋਂ ਉੱਚ ਗੁਣਵੱਤਾ ਵਾਲਾ ਦੁੱਧ ਇਕੱਠਾ ਕਰਕੇ ਉਸ ਦੀ ਆਧੁਨਿਕ ਤਕਨੀਕਾਂ ਨਾਲ ਪ੍ਰੋਸੈਸਿੰਗ ਕਰਦਾ ਹੈ ਅਤੇ ਉੱਚ ਮਿਆਰੀ ਦੁੱਧ ਅਤੇ ਦੁੱਧ ਪਦਾਰਥ ਤਿਆਰ ਕਰਕੇ ਖਪਤਕਾਰਾਂ ਤੱਕ ਪਹੁੰਚਾਉਂਦਾ ਹੈ। ਵੇਰਕਾ ਵੱਲੋਂ ਦੁੱਧ ਅਤੇ ਦੁੱਧ ਪਦਾਰਥਾਂ ਦੇ ਉਤਪਾਦਨ ਦੌਰਾਨ ਗੁਣਵੱਤਾ ਦੇ ਹਰ ਪੱਖ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਤਾਂ ਜੋ ਖਪਤਕਾਰਾਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਮਿਆਰੀ ਉਤਪਾਦ ਪ੍ਰਾਪਤ ਹੋ ਸਕਣ। ਇਸੇ ਮਕਸਦ ਨੂੰ ਅੱਗੇ ਵਧਾਉਂਦੇ ਹੋਏ ਅਤੇ ਉਪਭੋਗਤਾਵਾਂ ਦੀ ਮੰਗ ਦੇ ਨਾਲ-ਨਾਲ ਮੌਜੂਦਾ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਿਆਂ ਮਾਨਯੋਗ ਮੈਨੇਜਿੰਗ ਡਾਇਰੈਕਟਰ, ਮਿਲਕਫੈਡ ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਨਯੋਗ ਬੋਰਡ ਆਫ਼ ਡਾਇਰੈਕਟਰਜ਼, ਮਿਲਕ ਯੂਨੀਅਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਵੇਰਕਾ ਅੰਮ੍ਰਿਤਸਰ ਡੇਅਰੀ ਵੱਲੋਂ 350 ਗ੍ਰਾਮ ਦਹੀ ਦਾ ਕੱਪ ਸਿਰਫ਼ 30 ਰੁਪਏ ਦੀ ਕਿਫਾਇਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਵੇਰਕਾ ਦਾ ਇਹ ਨਵਾਂ ਉਤਪਾਦ ਉੱਚ ਗੁਣਵੱਤਾ ਅਤੇ ਵਾਜਬ ਕੀਮਤ ਦਾ ਸੁਮੇਲ ਹੈ, ਜਿਸ ਦਾ ਉਦੇਸ਼ ਖਪਤਕਾਰਾਂ ਨੂੰ ਮਹਿੰਗਾਈ ਦੇ ਦੌਰ ਵਿੱਚ ਰਾਹਤ ਪ੍ਰਦਾਨ ਕਰਨਾ ਹੈ। ਇਹ ਉਤਪਾਦ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੀਆਂ ਮਾਰਕੀਟਾਂ ਵਿੱਚ ਖਰੀਦ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ ਅਤੇ ਉਪਭੋਗਤਾਵਾਂ ਵੱਲੋਂ ਇਸ ਨੂੰ ਚੰਗਾ ਹੁੰਗਾਰਾ ਮਿਲਣ ਦੀ ਉਮੀਦ ਹੈ।ਵੇਰਕਾ ਪ੍ਰਬੰਧਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸੰਸਥਾ ਵੱਲੋਂ ਖਪਤਕਾਰਾਂ ਨੂੰ ਉੱਚ ਗੁਣਵੱਤਾ ਵਾਲੇ ਦੁੱਧ ਪਦਾਰਥ ਵਾਜਬ ਰੇਟਾਂ 'ਤੇ ਉਪਲਬਧ ਕਰਵਾਉਣ ਲਈ ਨਵੇਂ ਉਪਰਾਲੇ ਕੀਤੇ ਜਾਂਦੇ ਰਹਿਣਗੇ। ਇਸ ਦੇ ਨਾਲ ਹੀ ਦੁੱਧ ਉਤਪਾਦਕ ਕਿਸਾਨਾਂ ਦੀ ਆਰਥਿਕ ਮਜ਼ਬੂਤੀ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਵੀ ਵੇਰਕਾ ਹਮੇਸ਼ਾ ਵਚਨਬੱਧ ਰਹੇਗਾ। ਵੇਰਕਾ ਨੇ ਦੁਹਰਾਇਆ ਕਿ ਉਪਭੋਗਤਾਵਾਂ ਨੂੰ ਸ਼ੁੱਧ, ਪੌਸ਼ਟਿਕ ਅਤੇ ਉੱਚ ਗੁਣਵੱਤਾ ਵਾਲੇ ਉਤਪਾਦ ਕਿਫਾਇਤੀ ਕੀਮਤਾਂ 'ਤੇ ਮੁਹੱਈਆ ਕਰਵਾਉਣਾ ਅਤੇ ਦੁੱਧ ਉਤਪਾਦਕਾਂ ਦੇ ਹਿੱਤਾਂ ਦੀ ਰਾਖੀ ਕਰਨਾ ਸੰਸਥਾ ਦੀ ਮੁੱਖ ਤਰਜੀਹ ਹੈ।