ਪਟਿਆਲਾ : ਸ਼ਹਿਰ ਨੂੰ ਬਰਸਾਤਾਂ ਦੇ ਮੌਸਮ ਦੌਰਾਨ ਪਾਣੀ ਦੇ ਸਹੀ ਵਹਾਅ ਅਤੇ ਗੰਦਗੀ ਦੀ ਸਮੱਸਿਆ ਤੋਂ ਬਚਾਉਣ ਲਈ ਨਗਰ ਨਿਗਮ ਵੱਲੋਂ ਨਾਲਿਆਂ ਦੀ ਸਫਾਈ ਦਾ ਕੰਮ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਪੂਜਾ ਸਵੀਟ ਲਾਹੌਰੀ ਗੇਟ ਤੋਂ ਲੈ ਕੇ ਹਨੂਮਾਨ ਮੰਦਰ ਤੱਕ ਜਾਂਦੇ ਮੁੱਖ ਨਾਲੇ ਦੀ ਵਿਸ਼ੇਸ਼ ਸਫਾਈ ਮੁਹਿੰਮ ਮੇਅਰ ਕੁੰਦਨ ਗੋਗੀਆ ਦੀ ਰਹਿਨੁਮਾਈ ਹੇਠ ਸ਼ੁਰੂ ਕਰ ਦਿੱਤੀ ਗਈ ਹੈ। ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਵੱਲੋਂ ਪਹਿਲਾਂ ਹੀ ਯੋਜਨਾਬੱਧ ਢੰਗ ਨਾਲ ਸਫਾਈ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਥਾਂ ਸਫਾਈ ਦੀ ਕਮੀ ਨਾ ਰਹੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਸੁਚਾਰੂ ਢੰਗ ਨਾਲ ਹੋ ਸਕੇ, ਇਸ ਲਈ 35 ਤੋਂ ਵੱਧ ਕਰਮਚਾਰੀਆਂ ਦੀ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ। ਨਗਰ ਨਿਗਮ ਅਧਿਕਾਰੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੂੜਾ-ਕਰਕਟ ਨਾਲਿਆਂ ਵਿੱਚ ਨਾ ਸੁੱਟਣ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ। ਇਸ ਮੌਕੇ ਮੇਅਰ ਕੁੰਦਨ ਗੋਗੀਆ ਤੋਂ ਇਲਾਵਾ ਇੰਸਪੈਕਟਰ ਇੰਦਰਜੀਤ ਸਿੰਘ, ਸਫਾਈ ਦਰੋਗਾ ਸੁਰਿੰਦਰ ਕੁਮਾਰ ਅਤੇ ਹੋਰ ਨਗਰ ਨਿਗਮ ਕਰਮਚਾਰੀ ਵੀ ਮੌਜੂਦ ਰਹੇ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਬਰਸਾਤਾਂ ਤੋਂ ਪਹਿਲਾਂ ਸ਼ਹਿਰ ਦੇ ਸਾਰੇ ਮੁੱਖ ਨਾਲਿਆਂ ਅਤੇ ਡਰੇਨਾਂ ਦੀ ਸਫਾਈ ਮੁਕੰਮਲ ਕਰ ਲਈ ਜਾਵੇਗੀ ਤਾਂ ਜੋ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।