ਐਸ ਏ ਐਸ ਨਗਰ : ਹਲਕਾ ਮੁਹਾਲੀ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਅਤੇ ਮੁਹਾਲੀ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਕਮਰ ਕਸ ਲਈ ਗਈ ਹੈ ਅਤੇ ਹਲਕੇ ਵਿੱਚ ਪੈਂਦੇ ਪਿੰਡਾਂ ਦੇ ਦੌਰੇ ਕਰਕੇ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪਿੰਡ ਕੁਰੜੀ ਦਾ ਦੌਰਾ ਕੀਤਾ ਅਤੇ ਵਸਨੀਕਾਂ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਮਰਥਨ ਮੰਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਹਮੇਸ਼ਾ ਲੋਕਾਂ ਦੇ ਹਿੱਤਾਂ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਐਲਾਨ ਕਰ ਦਿੱਤਾ ਸੀ ਕਿ ਨਾ ਤਾਂ ਉਹ ਖ਼ੁਦ ਨਗਰ ਨਿਗਮ ਦੀ ਚੋਣ ਲੜਣਗੇ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਚੋਣ ਮੈਦਾਨ ਵਿੱਚ ਉਤਰੇਗਾ। ਹੁਣ ਉਨ੍ਹਾਂ ਦਾ ਪੂਰਾ ਧਿਆਨ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਕੇਂਦਰਿਤ ਹੈ।
ਇਸ ਮੌਕੇ ਮੌਜੂਦ ਆਗੂਆਂ ਅਤੇ ਪਿੰਡ ਵਾਸੀਆਂ ਨੇ ਵਲੋਂ ਕੁਲਜੀਤ ਸਿੰਘ ਬੇਦੀ ਨੂੰ ਪਿੰਡ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਬੇਦੀ ਨੇ ਭਰੋਸਾ ਦਿੱਤਾ ਕਿ ਉਹ ਇਹਨਾਂ ਮਸਲਿਆਂ ਦੇ ਹਲ ਲਈ ਕੰਮ ਕਰਣਗੇ।