ਮੋਰਿੰਡਾ : ਬੀਤੇ ਦਿਨ ਅਵਾਰਾ ਕੁੱਤਿਆਂ ਵਲੋਂ 8 ਸਾਲਾਂ ਲੜਕੀ ਦੀ ਜਾਨ ਲੈਣ ਉਪਰੰਤ ਵੀ ਪ੍ਰਸ਼ਾਸਨ ਸੁੱਤਾ ਪਿਆ ਜਾਪਦਾ ਹੈ। ਜਦੋਂ ਕਿ ਮੋਹਾਲੀ ਦੀ ਨਿੱਜੀ ਸੰਸਥਾ ਰੱਬ ਦੇ ਜੀਅ (ਐਨਜੀਓ ) ਵਲੋਂ ਪ੍ਰਧਾਨ ਮਨੈਕਸੀ ਮਲਿਕ ਅਤੇ ਗੈਰੀ ਗੋਰਾਂਚ ਦੀ ਅਗਵਾਈ ਵਿੱਚ ਅੱਜ ਮੋਰਿੰਡਾ ਪਹੁੰਚ ਕੇ ਮਿਤ੍ਰਕ ਲੜਕੀ ਦੀ ਜਾਨ ਲੈਣ ਵਾਲੇ ਕੁਤਿਆਂ ਸਮੇਤ 20 ਕੁੱਤਿਆਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ,ਨਗਰ ਕੌਂਸਲ ਮੋਰਿੰਡਾ ਦੇ ਕੌਂਸਲਰ ਮਨਦੀਪ ਸਿੰਘ ਬਾਜਵਾ, ਕੌਂਸਲਰ ਹਰਜੀਤ ਸਿੰਘ ਸੋਢੀ, ਸਮਾਜ ਸੇਵੀ ਚੁਚੂ ਸੂਦ, ਸਾਬਕਾ ਕੌਂਸਲਰ ਸੰਗਤ ਸਿੰਘ ਭਾਮੀਆਂ ਅਤੇ ਕੌਸਲਰ ਰਜੇਸ਼ ਕੁਮਾਰ ਸੰਸੋਦੀਆ, ਰਵੀਦਰ ਸਿੰਘ ਬੱਗਾ (ਮਾਊਂਟੀ )ਨੇ ਆਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਅਵਾਰਾ ਕੁੱਤਿਆਂ ਵਲੋਂ ਆਮ ਜਨਤਾ ਨੂੰ ਕੱਟਣ ਦੀਆਂ ਘਟਨਾਵਾਂ ਲੱਗ ਭੱਗ ਰੋਜ਼ਾਨਾ ਵਾਪਰਦੀਆਂ ਰਹਿੰਦੀਆਂ ਹਨ। ਇਥੋਂ ਤੱਕ ਕਿ ਕੁੱਤੇ ਵਲੋਂ ਨੌਜਵਾਨਾਂ ਨੂੰ ਕੱਟਣ ਦੀ ਕੋਸ਼ਿਸ਼ ਕਰਨ ਦੇ ਕਾਰਨ ਹੋਏ ਝਗੜੇ ਵਿਚ ਨੌਜਵਾਨ ਦਾ ਕਤਲ ਹੋ ਗਿਆ ਸੀ। ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਤੁਰੰਤ ਅਵਾਰਾ ਕੁੱਤਿਆਂ ਅਤੇ ਪਸ਼ੂਆਂ ਨੂੰ ਕਾਬੂ ਕਰਕੇ ਸੈਲਟਰਾਂ ਵਿਚ ਬੰਦ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਲਾਕਾ ਨਿਵਾਸੀਆਂ ਨੇ ਰੱਬ ਦੇ ਜੀਅ,ਐਨ ਜੀ ਓ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।