ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਨਿਊ ਪਾਥ ਇੰਮੀਗ੍ਰੇਸ਼ਨ ਫਰਮ ਐਸ.ਸੀ.ਐਫ. ਨੰ: 101-102, ਟੋਪ ਫਲੋਰ, ਫੇਜ਼-11, ਮੋਹਾਲੀ, ਜ਼ਿਲ੍ਹਾ ਐਸ.ਏ.ਐਸ. ਨਗਰ ਵੱਲੋਂ ਕੰਸਲਟੈਂਸੀ ਦਾ ਲਾਇਸੰਸ ਜਾਰੀ ਕਰਨ ਲਈ ਦਿੱਤੀ ਗਈ ਅਰਜ਼ੀ ਦਾਖਲ ਦਫ਼ਤਰ ਕਰ ਦਿੱਤੀ ਗਈ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਰਮ ਦੇ ਮਾਲਕ ਰਵੀ ਕੁਮਾਰ ਪੁੱਤਰ ਪ੍ਰਕਾਸ਼ ਸਿੰਘ ਵੱਲੋਂ ਲਾਇਸੰਸ ਪ੍ਰਾਪਤ ਕਰਨ ਲਈ ਦਫ਼ਤਰ ਵਿੱਚ ਅਰਜ਼ੀ ਦਿੱਤੀ ਗਈ ਸੀ, ਜਿਸ ਦੀ ਪੁਲਿਸ ਪੜਤਾਲ ਕਰਵਾਈ ਗਈ। ਇਸ ਦੌਰਾਨ ਫਰਮ ਖ਼ਿਲਾਫ਼ ਇੱਕ ਸ਼ਿਕਾਇਤ ਵੀ ਪ੍ਰਾਪਤ ਹੋਈ ਅਤੇ ਬਾਅਦ ਵਿੱਚ ਪੁਲਿਸ ਰਿਪੋਰਟ ਤੋਂ ਇਹ ਸਾਹਮਣੇ ਆਇਆ ਕਿ ਫਰਮ ਖ਼ਿਲਾਫ਼ ਥਾਣਾ ਫੇਜ਼-11, ਮੋਹਾਲੀ ਵਿਖੇ ਇਮੀਗ੍ਰੇਸ਼ਨ ਐਕਟ ਨਾਲ ਸਬੰਧਤ ਇੱਕ ਐਫ.ਆਈ.ਆਰ. ਦਰਜ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰ ਵੱਲੋਂ ਫਰਮ ਦੇ ਮਾਲਕ ਨੂੰ ਦਰਜ ਐਫ.ਆਈ.ਆਰ. ਸਬੰਧੀ ਸਪੱਸ਼ਟੀਕਰਨ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੇ ਨਿਯਮਾਂ ਅਨੁਸਾਰ ਕਿਸੇ ਵੀ ਅਜਿਹੇ ਵਿਅਕਤੀ ਜਾਂ ਫਰਮ ਨੂੰ ਲਾਇਸੰਸ ਜਾਰੀ ਨਹੀਂ ਕੀਤਾ ਜਾ ਸਕਦਾ, ਜਿਸ ਖ਼ਿਲਾਫ਼ ਪੁਲਿਸ ਰਿਕਾਰਡ ਅਨੁਸਾਰ ਅਪਰਾਧਿਕ ਮਾਮਲਾ ਦਰਜ ਹੋਵੇ। ਇਸ ਲਈ ਐਕਟ ਅਤੇ ਨਿਯਮਾਂ ਦੀਆਂ ਸਬੰਧਤ ਧਾਰਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਊ ਪਾਥ ਇਮੀਗ੍ਰੇਸ਼ਨ ਦੀ ਲਾਇਸੰਸ ਅਰਜ਼ੀ ਦਾਖਲ ਦਫਤਰ ਕਰ ਦਿੱਤੀ ਗਈ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਭੇਜਣ ਜਾਂ ਇਮੀਗ੍ਰੇਸ਼ਨ ਸਬੰਧੀ ਸੇਵਾਵਾਂ ਲੈਣ ਤੋਂ ਪਹਿਲਾਂ ਏਜੰਸੀ ਜਾਂ ਫਰਮ ਦੇ ਲਾਇਸੰਸ ਅਤੇ ਪ੍ਰਮਾਣਿਕਤਾ ਦੀ ਪੂਰੀ ਤਸਦੀਕ ਜ਼ਰੂਰ ਕਰ ਲੈਣ।