ਐਸ.ਏ.ਐਸ ਨਗਰ : ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੇਂਗੂ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਦੀ ਅਗਵਾਈ ਹੇਠ ਬਲਾਕ ਘੜੂੰਆਂ ਦੀਆਂ ਸਿਹਤ ਟੀਮਾਂ ਵੱਲੋਂ ਪਿੰਡ ਬਲੌਂਗੀ ਅਤੇ ਬੜਮਾਜਰਾ ਵਿੱਚ ਮਾਸ ਡੇਂਗੂ ਸਰਵੇ ਕੀਤਾ ਗਿਆ। ਇਸ ਦੌਰਾਨ ਘਰ-ਘਰ ਜਾ ਕੇ ਡੇਂਗੂ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਐਪੀਡੀਮੋਲੋਜਿਸਟ ਡਾ. ਅਨਾਮਿਕਾ ਨੇ ਕਿਹਾ ਕਿ ਡੇਂਗੂ ਇੱਕ ਗੰਭੀਰ ਬਿਮਾਰੀ ਹੈ, ਜਿਸ ਤੋਂ ਬਚਾਅ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਘਰਾਂ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਲੋਕਾਂ ਨੂੰ ਹਫ਼ਤੇ ਵਿੱਚ ਇੱਕ ਦਿਨ “ਡ੍ਰਾਈ ਡੇ” ਮਨਾਉਣ, ਕੂਲਰਾਂ, ਗਮਲਿਆਂ, ਫਰਿੱਜ ਦੀਆਂ ਟਰੇਆਂ ਅਤੇ ਹੋਰ ਪਾਣੀ ਵਾਲੇ ਬਰਤਨਾਂ ਨੂੰ ਨਿਯਮਿਤ ਤੌਰ ’ਤੇ ਖਾਲੀ ਅਤੇ ਸਾਫ਼ ਕਰਨ ਦੀ ਅਪੀਲ ਕੀਤੀ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦੀ ਰੋਕਥਾਮ ਲਈ ਵਿਭਾਗ ਦਾ ਸਹਿਯੋਗ ਕਰਨ ਅਤੇ ਆਪਣੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ ਤਾਂ ਜੋ ਡੇਂਗੂ ਵਰਗੀਆਂ ਮੱਛਰ-ਜਨਿਤ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।