ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਡਿਪਟੀ ਕਮਿਸ਼ਨਰ ਐੱਸ.ਏ.ਐੱਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਦੀ ਪ੍ਰਧਾਨਗੀ ਹੇਠ ਅੱਜ ਸੀ.ਆਰ.ਐਮ. (ਕ੍ਰਾਪ ਰੈਜ਼ੀਡਿਊ ਮੈਨੇਜਮੈਂਟ) ਅਤੇ ਸਮੈਮ ਸਕੀਮਾਂ ਅਧੀਨ ਖੇਤੀ ਮਸ਼ੀਨਰੀ ਦੀ ਖਰੀਦ ਲਈ ਸਬਸਿਡੀ ਪ੍ਰਾਪਤ ਕਰਨ ਵਾਲੇ ਕਿਸਾਨਾਂ ਅਤੇ ਗਰੁੱਪਾਂ ਦੀ ਚੋਣ ਲਈ ਡਰਾਅ ਕੱਢਿਆ ਗਿਆ। ਮੀਟਿੰਗ ਦੌਰਾਨ ਡਾ. ਗੁਰਮੀਤ ਸਿੰਘ, ਜ਼ਿਲ੍ਹਾ ਸਿਖਲਾਈ ਅਫ਼ਸਰ, ਐੱਸ.ਏ.ਐੱਸ. ਨਗਰ ਨੇ ਹਾਜ਼ਰ ਅਧਿਕਾਰੀਆਂ ਅਤੇ ਕਿਸਾਨਾਂ ਦਾ ਸਵਾਗਤ ਕਰਦਿਆਂ ਖੇਤੀ ਮਸ਼ੀਨਰੀ ਦੀ ਸਬਸਿਡੀ ਅਤੇ ਖਰੀਦ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਸਕੀਮ ਦੇ ਨੋਡਲ ਅਫ਼ਸਰ ਡਾ. ਗੁਰਦਿਆਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਾਲ 2025 ਦੌਰਾਨ ਸੀ.ਆਰ.ਐਮ. ਸਕੀਮ ਅਧੀਨ ਵੱਖ-ਵੱਖ ਮਸ਼ੀਨਾਂ ਦੀ ਖਰੀਦ ਲਈ 6.34 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਸੀ, ਜਦਕਿ ਇਸ ਸਾਲ ਪੰਜਾਬ ਸਰਕਾਰ ਵੱਲੋਂ ਇਸ ਰਕਮ ਵਿੱਚ ਵਾਧਾ ਕਰਦਿਆਂ ਲਗਭਗ 8.50 ਕਰੋੜ ਰੁਪਏ ਦੀ ਸਬਸਿਡੀ ਲਈ ਫੰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੀ.ਆਰ.ਐਮ. ਸਕੀਮ ਅਧੀਨ ਜ਼ਿਲ੍ਹੇ ਦੇ 294 ਵਿਅਕਤੀਗਤ ਕਿਸਾਨਾਂ ਵੱਲੋਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਲਈ ਬੇਲਰ, ਰੇਕ, ਸੁਪਰ ਸੀਡਰ, ਐੱਮ.ਬੀ. ਪਲਾਓ, ਮਲਚਰ ਆਦਿ ਮਸ਼ੀਨਾਂ ਦੀ ਖਰੀਦ ਲਈ ਅਰਜ਼ੀਆਂ ਦਿੱਤੀਆਂ ਹਨ। ਪਿਛਲੇ ਸਾਲ ਦੀ 19.60 ਲੱਖ ਰੁਪਏ ਦੀ ਬਕਾਇਆ ਦੇਣਦਾਰੀ ਅਦਾ ਕਰਨ ਉਪਰੰਤ ਬਚਦੀ 31.35 ਲੱਖ ਰੁਪਏ ਦੀ ਸਬਸਿਡੀ ਜਾਰੀ ਕਰਨ ਲਈ ਡਰਾਅ ਕੱਢਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਸਮੈਮ ਸਕੀਮ ਅਧੀਨ ਕਸਟਮ ਹਾਇਰਿੰਗ ਸੈਂਟਰ (ਜਨਰਲ ਸ਼੍ਰੇਣੀ) ਲਈ 62 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਦਕਿ ਇਸ ਮੰਤਵ ਲਈ 19 ਲੱਖ ਰੁਪਏ ਦਾ ਬਜਟ ਉਪਲਬਧ ਹੈ। ਇਸ ਲਈ ਯੋਗ ਲਾਭਪਾਤਰੀਆਂ ਦੀ ਚੋਣ ਡਰਾਅ ਰਾਹੀਂ ਕੀਤੀ ਗਈ।