ਐਸ ਏ ਐਸ ਨਗਰ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਪਰਵਿੰਦਰ ਸਿੰਘ ਸੋਹਾਣਾ ਵੱਲੋਂ ਇਲਾਜਾਮ ਲਗਾਇਆ ਗਿਆ ਹੈ ਕਿ ਪਿੰਡ ਮੌਲੀ ਬੈਦਵਾਨ ਦੀ ਪੰਚਾਇਤੀ ਜ਼ਮੀਨ ਦੀ ਗੈਰ-ਕਾਨੂੰਨੀ ਰਜਿਸਟਰੀ ਕਰਵਾ ਕੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਸਤਾਵੇਜ਼ ਪੇਸ਼ ਕਰਦਿਆਂ ਸ. ਸੋਹਾਣਾ ਨੇ ਦੱਸਿਆ ਕਿ ਇਹ ਸਿੱਧੇ ਤੌਰ ’ਤੇ ਜਨਤਾ ਦੀ ਜ਼ਮੀਨ ਅਤੇ ਸਰਕਾਰੀ ਖ਼ਜ਼ਾਨੇ ਉੱਤੇ ਕਰੋੜਾਂ ਰੁਪਏ ਦਾ ਡਾਕਾ ਹੈ, ਜਿਸ ਵਿੱਚ ਸਾਬਕਾ ਸਰਪੰਚ, ਸਰਕਾਰੀ ਅਧਿਕਾਰੀ ਅਤੇ ਪ੍ਰਾਈਵੇਟ ਬਿਲਡਰ ਸਿੱਧੇ ਤੌਰ ’ਤੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਿੰਡ ਮੌਲੀ ਬੈਦਵਾਨ ਦੀ ਪੰਚਾਇਤ ਭੰਗ ਹੋਏ ਨੂੰ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ, ਪਿੰਡ ਦੇ ਸਾਬਕਾ ਸਰਪੰਚ ਨੇ ਆਪਣੇ ਅਹੁਦੇ ਦੀ ਸਰਕਾਰੀ ਮੋਹਰ ਅਤੇ ਦਸਤਖਤਾਂ ਦੀ ਵਰਤੋਂ ਕਰਕੇ 3 ਕਨਾਲ 15 ਮਰਲੇ ਪੰਚਾਇਤੀ ਜ਼ਮੀਨ ਇੱਕ ਨਿੱਜੀ ਬਿਲਡਰ ਕੰਪਨੀ ਦੇ ਨਾਂ ਕਰਵਾ ਦਿੱਤੀ। ਕਾਗਜ਼ਾਂ ਵਿੱਚ ਇਸ ਕੀਮਤੀ ਜ਼ਮੀਨ ਦੀ ਕੀਮਤ 14 ਕਰੋੜ 40 ਲੱਖ ਰੁਪਏ ਦਰਸਾਈ ਗਈ ਹੈ। ਉਹਨਾਂ ਕਿਹਾ ਕਿ ਜਦੋਂ ਪੰਚਾਇਤ 6 ਮਹੀਨੇ ਪਹਿਲਾਂ ਭੰਗ ਹੋ ਚੁੱਕੀ ਸੀ, ਤਾਂ ਕੀ ਡੀ.ਡੀ.ਪੀ.ਓ. ਅਤੇ ਬੀ.ਡੀ.ਪੀ.ਓ. ਵਰਗੇ ਉੱਚ ਅਧਿਕਾਰੀਆਂ ਨੂੰ ਇਸ ਦੀ ਖ਼ਬਰ ਨਹੀਂ ਸੀ। ਉਨ੍ਹਾਂ ਨੇ ਕਿਸ ਦੇ ਦਬਾਅ ਹੇਠ ਆ ਕੇ ਇਸ ਗੈਰ-ਕਾਨੂੰਨੀ ਰਜਿਸਟਰੀ ਨੂੰ ਮਨਜ਼ੂਰੀ ਦਿੱਤੀ ਅਤੇ ਲੈਟਰ ਜਾਰੀ ਕੀਤੇ। ਇਸ ਸੰਬੰਧੀ ਪੰਜਾਬ ਵਿਜੀਲੈਂਸ ਦੀ ਜਾਂਚ ਨੂੰ ਨਕਾਰਦਿਆਂ ਉਹਨਾਂ ਕਿਹਾ ਕਿ ਵਿਜੀਲੈਂਸ ਸਿੱਧੀ ਪੰਜਾਬ ਸਰਕਾਰ ਦੇ ਇਸ਼ਾਰਿਆਂ ’ਤੇ ਚੱਲਦੀ ਹੈ, ਇਸ ਲਈ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਕੇਂਦਰ ਸਰਕਾਰ ਦੀ ਕਿਸੇ ਉੱਚ ਏਜੰਸੀ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਾਨੂੰਨੀ ਲੜਾਈ ਲੜ ਕੇ ਲੋਕਾਂ ਦੇ ਹੱਕਾਂ ਨੂੰ ਬਚਾਵੇਗਾ। ਇਸ ਮੌਕੇ ਭਗਤ ਸਿੰਘ, ਰਣਜੀਤ ਸਿੰਘ, ਚੇਤ ਸਿੰਘ ਚੇਤੂ, ਗੁਰਦੀਪ ਸਿੰਘ ਹਾਜ਼ਰ ਸਨ।