ਦੇਵੀਗੜ੍ਹ : ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੁੜਾ ਨੇੜੇ ਦੇਵੀਗੜ੍ਹ ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਖੇ ਕਰਵਾਏ ਇੱਕ ਰੋਮਾਂਚਕ ਅਤੇ ਸਿੱਖਿਆਦਾਇਕ 'ਹਾਈਕਿੰਗ-ਟ੍ਰੈਕਿੰਗ ਕੈਂਪ' ਵਿੱਚ ਭਾਗ ਲਿਆ। 5 ਜੂਨ ਤੋਂ 8 ਜੂਨ ਤੱਕ ਚੱਲੇ ਇਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ਼ ਕੁਦਰਤ ਦਾ ਆਨੰਦ ਮਾਣਿਆ, ਸਗੋਂ ਜੀਵਨ ਦੇ ਅਹਿਮ ਸਬਕ ਵੀ ਸਿੱਖੇ।
ਇਸ ਕੈਂਪ ਵਿੱਚ ਸਕਾਊਟ ਐਂਡ ਗਾਈਡ ਦੇ ਵਿਦਿਆਰਥੀਆਂ ਨੇ ਰਾਜ ਸੰਗਠਕ ਕਮਿਸ਼ਨਰ ਪੰਜਾਬ, ਓਂਕਾਰ ਸਿੰਘ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ। ਸਕੂਲ ਦੇ ਸਕਾਊਟ ਮਾਸਟਰ ਹਰਦੀਪ ਕੁਮਾਰ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਨੇ ਕਈ ਚੁਣੌਤੀਪੂਰਨ ਗਤੀਵਿਧੀਆਂ ਵਿੱਚ ਹਿੱਸਾ ਲਿਆ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਪਹਾੜਾਂ 'ਤੇ ਚੜ੍ਹਨ, ਟੀਮ ਵਰਕ, ਅਨੁਸ਼ਾਸਨ, ਅਤੇ ਕੁਦਰਤ ਨਾਲ ਜੁੜਨ ਦਾ ਅਨੁਭਵ ਕਰਵਾਇਆ ਗਿਆ। ਇਸ ਤੋਂ ਇਲਾਵਾ, ਸਮਾਜ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਦੇ ਗੁਣ ਵੀ ਸਿਖਾਏ ਗਏ। ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਇਸ ਤਜਰਬੇ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, ਕਿ"ਅਜਿਹੇ ਕੈਂਪ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਹਨਾਂ ਕਿਹਾ ਕਿ ਹਾਈਕਿੰਗ ਅਤੇ ਟ੍ਰੈਕਿੰਗ ਸਿਰਫ਼ ਸਰੀਰਕ ਕਸਰਤ ਨਹੀਂ ਹੈ, ਸਗੋਂ ਇਹ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਸਾਹਸ ਅਤੇ ਮੁਸ਼ਕਿਲਾਂ ਨਾਲ ਲੜਨ ਦੀ ਸ਼ਕਤੀ ਪੈਦਾ ਕਰਦੀ ਹੈ। ਕੈਂਪ ਦੇ ਆਖਰੀ ਦਿਨ, ਰਾਜ ਸੰਗਠਕ ਓਂਕਾਰ ਸਿੰਘ ਨੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪੂਨਮ ਧੀਮਾਨ, ਡਾਇਰੈਕਟਰ ਤੇਜਿੰਦਰ ਕੌਰ, ਮੈਡਮ ਜੋਤ ਕੌਰ ਡੀ.ਏ.ਜੀ., ਨਿਰਮਲ ਕੌਰ ਡੀ.ਜੀ.ਜੀ., ਮੈਡਮ ਮਨਪ੍ਰੀਤ ਕੌਰ ਅਤੇ ਹੋਰ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਦੇ ਹੌਂਸਲੇ ਵਧਾਏ। ਵਿਦਿਆਰਥੀਆਂ ਨੇ ਵੀ ਇਸ ਕੈਂਪ ਨੂੰ ਆਪਣੀ ਜ਼ਿੰਦਗੀ ਦਾ ਇੱਕ ਯਾਦਗਾਰੀ ਤਜਰਬਾ ਦੱਸਿਆ।
ਇਸ ਕੈਂਪ ਨੇ ਵਿਦਿਆਰਥੀਆਂ ਨੂੰ ਇੱਕ ਨਵੀਂ ਊਰਜਾ ਅਤੇ ਦ੍ਰਿਸ਼ਟੀਕੋਣ ਦਿੱਤਾ ਹੈ, ਜਿਸ ਨਾਲ ਉਹ ਆਪਣੇ ਆਉਣ ਵਾਲੇ ਜੀਵਨ ਵਿੱਚ ਵਧੇਰੇ ਬਿਹਤਰ ਤਰੀਕੇ ਨਾਲ ਅੱਗੇ ਵਧ ਸਕਣਗੇ।