ਐਸ ਏ ਐਸ ਨਗਰ : ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਵਲੋਂ ਸ਼ਹਿਰ ਦੇ ਮੁੱਖ ਮਸਲਿਆਂ ਦੇ ਹਲ ਲਈ ਤੁਰੰਤ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਸੰਬੰਧੀ ਅੱਜ ਉਹਨਾਂ ਵਲੋਂ ਸੀਨੀਅਰ ਡਿਪਟੀ ਮੇਅਰ ਸ੍ਰੀ ਆਰ ਪੀ ਸ਼ਰਮਾ, ਡਿਪਟੀ ਮੇਅਰ ਸ੍ਰੀ ਹਰਪਾਲ ਸਿੰਘ ਚੰਨਾ, ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਦੇ ਨਾਲ ਫੇਜ਼ 11 ਦੇ ਨੇੜੇ ਬਣੇ ਆਰ ਐਮ ਸੀ ਕੇਂਦਰ ਦਾ ਦੌਰਾ ਕੀਤਾ ਅਤੇ ਉੱਥੇ ਪਏ ਕੂੜੇ ਦੇ ਢੇਰ ਦੀ ਤੁਰੰਤ ਲਿਫ਼ਟਿੰਗ ਕਰਵਾਉਣ ਦੀ ਹਦਾਇਤ ਕੀਤੀ। ਉਹਨਾਂ ਇਸ ਮੌਕੇ ਠੇਕੇਦਾਰ ਨੂੰ ਇਸ ਥਾਂ ’ਤੇ ਆਉਣ ਵਾਲੇ ਕੂੜੇ ਅਤੇ ਉਸਦੀ ਨਿਕਾਸੀ ਲਈ ਕੀਤੀ ਜਾਂਦੀ ਲਿਫਟਿੰਗ ਦਾ ਪੂਰਾ ਰਿਕਾਰਡ ਲੈ ਕੇ ਉਹਨਾਂ ਦੇ ਦਫਤਰ ਆਉਣ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਇਸ ਥਾਂ ਤੋਂ ਕੂੜੇ ਦੀ ਤੁਰਤ ਨਿਕਾਸੀ ਕੀਤੀ ਜਾਵੇ ਤਾਂ ਜੋ ਵਸਨੀਕਾਂ ਨੂੰ ਇਸ ਕਾਰਨ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਰਾਹਤ ਮਿਲੇ। ਇਸ ਉਪਰੰਤ ਮੇਅਰ ਵਲੋਂ ਆਪਣੇ ਕਾਫਲੇ ਦੇ ਨਾਲ ਫੇਜ਼ 7 ਵਿੱਚ ਲਾਇਬ੍ਰੇਰੀ ਦੇ ਨਾਲ ਲੱਗਦੀ ਮੁੱਖ ਸੜਕ ’ਤੇ ਪੈ ਰਹੇ ਸੀਵਰੇਜ ਦੇ ਕੰਮ ਦੀ ਨਿਗਰਾਨੀ ਕੀਤੀ ਅਤੇ ਠੇਕੇਦਾਰ ਨੂੰ ਕਿਹਾ ਕਿ ਇਸ ਕੰਮ ਨੂੰ ਸਮਾਂ ਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ। ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਦੌਰਾਨ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਆਵਾਜਾਈ ਵਿਵਸਥਾ ਵਿੱਚ ਰੁਕਾਵਟ ਨਾ ਆਏ। ਇਸ ਮੌਕੇ ਵਾਰਡ ਨੰਬਰ 12 ਦੇ ਕੌਂਸਲਰ ਅਨੁਰਾਧਾ ਆਨੰਦ ਅਤੇ ਕਾਂਗਰਸੀ ਆਗੂ ਟਿੰਕੂ ਆਨੰਦ ਵੀ ਮੌਕੇ ’ਤੇ ਪਹੁੰਚੇ ਅਤੇ ਮੇਅਰ ਅਤੇ ਉਹਨਾਂ ਦੀ ਟੀਮ ਵਲੋਂ ਉਹਨਾਂ ਦੇ ਵਾਰਡ ਵਿੱਚ ਆਉਣ ਲਈ ਧੰਨਵਾਦ ਕੀਤਾ। ਇਸ ਮੌਕੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਉਹ ਸ਼ਹਿਰ ਵਿਚਲੇ ਆਰ ਐਮ ਸੀ ਕੇਂਦਰਾਂ ਦਾ ਦੌਰਾ ਕਰ ਰਹੇ ਹਨ ਤੇ ਇਹਨਾਂ ਕੇਂਦਰਾਂ ਵਿੱਚ ਪਏ ਕੂੜੇ ਨੂੰ ਜਲਦੀ ਚੁੱਕ ਕੇ ਆਉਂਦੇ ਦਿਨਾਂ ਵਿੱਚ ਕੂੜੇ ਦੀ ਨਿਕਾਸੀ ਦੀ ਸਮੱਸਿਆ ਨੂੰ ਹਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਸ਼ਹਿਰ ਵਿੱਚ ਚਲ ਰਹੇ ਵਿਕਾਸ ਕਾਰਜਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਦੇ ਮੁਕੰਮਲ ਹੋਣ ਦੀ ਸਮਾਂ ਸੀਮਾ ਤੈਅ ਕਰਕੇ ਲੋਕਾਂ ਨੂੰ ਇਹਨਾਂ ਦਾ ਫਾਇਦਾ ਦਿੱਤਾ ਜਾ ਸਕੇ।