ਸੰਗਰੂਰ :'ਭਾਗੀਦਾਰੀ ਨਿਆਂ' ਅਤੇ ਘਰ-ਘਰ ਤਕ ਨਿਆਂ ਦੀ ਦੂਰਅੰਦੇਸ਼ੀ ਨੂੰ ਅੱਗੇ ਵਧਾਉਣ ਲਈ, ਸੁਪਰੀਮ ਕੋਰਟ ‘Supreme Court Action for Mediated Adjudication and Disputes Harmonization Across Nation’ ਸਮਾਧਾਨ ਸਮਾਰੋਹ ਕਰ ਰਹੀ ਹੈ, ਜੋ 21 ਅਪ੍ਰੈਲ, 2026 ਤੋਂ ਸ਼ੁਰੂ ਹੋ ਕੇ 21, 22 ਅਤੇ 23 ਅਗਸਤ, 2026 ਨੂੰ ਵਿਸ਼ੇਸ਼ ਲੋਕ ਅਦਾਲਤ ਲਾਉਣ ਨਾਲ ਸਮਾਪਤ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੇ ਸਕੱਤਰ ਸ਼੍ਰੀ ਅਸ਼ੀਸ਼ ਠਠਈ, ਸਿਵਲ ਜੱਜ (ਸੀਨੀਅਰ ਡਵੀਜ਼ਨ)/ਸੀ.ਜੇ.ਐਮ. ਨੇ ਦੱਸਿਆ ਕਿ ਇਹ ਵਿਸ਼ੇਸ਼ ਲੋਕ ਅਦਾਲਤ ਸੁਪਰੀਮ ਕੋਰਟ ਵਿੱਚ ਲੰਬਿਤ ਮਾਮਲਿਆਂ ਵਿੱਚ ਧਿਰਾਂ ਦੀ ਸਹਿਮਤੀ ਨਾਲ, ਆਪਸੀ ਸਮਝੌਤੇ ਰਾਹੀਂ ਨਿਪਟਾਰੇ ਦੀ ਸਹੂਲਤ ਦੇਣ ਦਾ ਉਦੇਸ਼ ਰੱਖਦੀ ਹੈ। ਇਸ ਵਿਸ਼ੇਸ਼ ਲੋਕ ਅਦਾਲਤ ਵਿੱਚ ਕੇਸ ਲਗਾਉਣ ਦੇ ਤਰੀਕੇ ਬਾਰੇ ਉਨ੍ਹਾਂ ਦੱਸਿਆ ਕਿ ਧਿਰਾਂ ਅਤੇ ਉਨ੍ਹਾਂ ਦੇ ਵਕੀਲ ਨਿਰਧਾਰਿਤ ਗੂਗਲ ਫਾਰਮ ਦੇ ਲਿੰਕ
https://forms.gle/woYFFEph7pgiTQ7u7 ਵਿੱਚ ਆਪਣੇ ਸੁਪਰੀਮ ਕੋਰਟ ਵਿੱਚ ਲੰਬਿਤ ਕੇਸ ਦੀ ਜਾਣਕਾਰੀ ਭਰ ਕੇ ਆਪਣੀ ਬੇਨਤੀ ਦਾਇਰ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਮਾਧਾਨ ਸਮਾਰੋਹ ਅਧੀਨ ਕੇਸ ਨੂੰ ਰੈਫਰ ਕਰਨ ਲਈ ਗੂਗਲ ਫਾਰਮ ਜਮ੍ਹਾਂ ਕਰਨ ਦੀ ਆਖਰੀ ਮਿਤੀ 31 ਜੁਲਾਈ, 2026 ਤਕ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰ ਤਰ੍ਹਾਂ ਦੀ ਸਹਾਇਤਾ/ਜਾਣਕਾਰੀ ਲਈ ਵਨ ਸਟਾਪ ਸੈਂਟਰ (ਵਾਰ ਰੂਮ) ਇੰਚਾਰਜ - ਸਮਾਧਾਨ ਸਮਾਰੋਹ (ਵਿਸ਼ੇਸ਼ ਲੋਕ ਅਦਾਲਤ) ਨਾਲ 011-23112428, 011-23112528 'ਤੇ ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਫਰੰਟ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।