ਸਮਾਣਾ : ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨ ਅਤੇ ਬੁਨਿਆਦੀ ਢਾਂਚੇ ਨੂੰ ਨਵੀਂ ਦਿਸ਼ਾ ਦੇਣ ਦੀ ਲੜੀ ਤਹਿਤ ਹਲਕਾ ਸਮਾਣਾ ਦੇ ਪਿੰਡ ਮਿਆਲ ਕਲਾਂ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਰੋੜਾਂ ਰੁਪਏ ਦੀ ਲਾਗਤ ਵਾਲੇ ਇੱਕ ਅਹਿਮ ਸੜਕੀ ਪ੍ਰੋਜੈਕਟ ਦਾ ਉਦਘਾਟਨ ਕੀਤਾ। ਸ. ਬਰਸਟ ਨੇ ਇਲਾਕੇ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ 7.45 ਕਿਲੋਮੀਟਰ ਲੰਬੀ ਮਿਆਲ ਕਲਾਂ ਤੋਂ ਲਲੋਛੀ ਵਾਇਆ ਦਾਨੀਪੁਰ ਚੌਂਕ ਸੜਕ ਦੇ ਨਿਰਮਾਣ ਕਾਰਜ ਦੀ ਰਿਬਨ ਕੱਟ ਕੇ ਰਸਮੀ ਸ਼ੁਰੂਆਤ ਕੀਤੀ। ਇਹ ਪ੍ਰੋਜੈਕਟ ਕਰੀਬ 2.46 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ।
ਇਸ ਮੌਕੇ ਇਕੱਤਰ ਹੋਏ ਭਾਰੀ ਜਨਸਮੂਹ ਨੂੰ ਸੰਬੋਧਨ ਕਰਦਿਆਂ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਬਹੁਤ ਬੁਰੀ ਹੋ ਗਈ ਸੀ, ਜਿਸ ਕਾਰਨ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਨ੍ਹਾਂ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਣ ਨੂੰ ਮੁੱਖ ਤਰਜੀਹ ਦਿੱਤੀ ਜਾ ਰਹੀ ਹੈ।
ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਮਿਆਲ ਕਲਾਂ ਤੋਂ ਲਲੋਛੀ ਵਾਇਆ ਦਾਨੀਪੁਰ ਚੌਂਕ ਤੱਕ ਬਣਨ ਵਾਲੀ ਇਹ 7.45 ਕਿਲੋਮੀਟਰ ਲੰਬੀ ਰੋਡ ਇਸ ਪੂਰੇ ਇਲਾਕੇ ਦੇ ਵਿਕਾਸ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇਸ ਸੜਕ ਦੇ ਬਣਨ ਨਾਲ ਜਿੱਥੇ ਆਸ-ਪਾਸ ਦੇ ਪਿੰਡਾਂ ਦਾ ਆਪਸੀ ਸੰਪਰਕ ਬਿਹਤਰ ਹੋਵੇਗਾ, ਉੱਥੇ ਹੀ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਪਹੁੰਚਾਉਣ ਵਿੱਚ ਵੱਡੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਰੋਜ਼ਾਨਾ ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਵਪਾਰੀਆਂ ਦਾ ਸਮਾਂ ਅਤੇ ਪੈਸਾ ਬਚੇਗਾ ਅਤੇ ਹਾਦਸਿਆਂ ਦਾ ਖ਼ਤਰਾ ਵੀ ਘਟੇਗਾ।
ਉਨ੍ਹਾਂ ਕਿਹਾ ਕਿ ਸੜਕਾਂ ਦੇ ਨਿਰਮਾਣ ਕਾਰਜ ਵਿੱਚ ਗੁਣਵੱਤਾ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕੀਤਾ ਜਾਵੇਗਾ। ਸ. ਬਰਸਟ ਨੇ ਕਿਹਾ ਕਿ ਹਲਕਾ ਸਮਾਣਾ ਦੇ ਸਰਵਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਮਾਗਮ ਦੌਰਾਨ ਇਲਾਕਾ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਲਾਕਾ ਨਿਵਾਸੀਆਂ ਨੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦਾ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।
ਇਸ ਮੌਕੇ ਰਸ਼ਪਾਲ ਸਿੰਘ ਸਰਪੰਚ ਮਿਆਲ ਕਲਾਂ, ਨਰਿੰਦਰ ਸਿੰਘ ਸਰਪੰਚ ਬਰਸਟ, ਸੋਮਚੰਦ ਸੋਮੀ ਸਰਪੰਚ ਤਰਖਾਣ ਮਾਜਰਾ, ਨਿਸ਼ਾਨ ਸਿੰਘ ਸਰਪੰਰ ਬਹਾਦਰਗੜ੍ਹ/ਲਾਲਗੜ੍ਹ, ਰਾਮ ਸਿੰਘ ਕੁਆਰਡੀਨੇਟਰ ਹਲਕਾ ਸਮਾਣਾ ਯੁੱਧ ਨਸ਼ਿਆ ਵਿਰੁੱਧ, ਗਿਨੀ ਖੰਗੂੜਾ ਵਾਇਸ ਕੋਆਰਡੀਨੇਟਰ ਹਲਕਾ ਸਮਾਣਾ ਯੁੱਧ ਨਸ਼ਿਆ ਵਿਰੁੱਧ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਮੈਂਬਰ, ਸਹਿਜਪਾਲ ਸਿੰਘ, ਅਮਰਿੰਦਰ ਸਿੰਘ, ਸ਼ਾਮ ਲਾਲ ਦੱਤ, ਹਜਾਰੀ ਲਾਲ ਜੋਹਰੀ, ਹਰਭਿੰਦਰ ਸਿੰਘ ਰਾਠੀ, ਬਲਵਿਦੰਰ ਵੜੈਚ, ਡਾ. ਹਰਮੇਸ਼, ਹੇਮ ਰਾਜ ਚੁਪਕੀ, ਬਿੰਦਰ ਨਾਗਰ, ਦਰਬਾਰਾ ਸਿੰਘ ਡਰੋਲੀ, ਗੁਰਪ੍ਰੀਤ ਸਿੰਘ ਬਹਾਦਰਗੜ੍ਹ, ਲਖਵਿੰਦਰ ਸਿੰਘ ਲਲੋਛੀ ਸਾਬਕਾ ਸਰਪੰਚ, ਕੇਸਰ ਸਿੰਘ ਬਾਜਵਾ, ਬਲਵੀਰ ਨਾਥ (ਬਿਰੀ), ਮਨਜੀਤ ਸਿੰਘ (ਬਿੱਟੂ), ਬਲਵਿੰਦਰ ਸਿੰਘ, ਭਜਨ ਸਿੰਘ, ਸੋਨੂੰ, ਸਮੇਤ ਸਮੂਹ ਇਲਾਕਾ ਨਿਵਾਸੀ ਮੌਜੂਦ ਰਹੇ।
...........................................