ਮੋਹਾਲੀ : ਪੰਜਾਬ ਦੇ ਸਮਾਜਿਕ,ਆਰਥਿਕ ਅਤੇ ਰਾਜਨੀਤਿਕ ਪੁਨਰ-ਨਿਰਮਾਣ ਲਈ ਕਾਰਜਸ਼ੀਲ ਜਥੇਬੰਦੀ ਮਿਸਲ ਸਤਲੁਜ ਨੂੰ ਉਸ ਸਮੇਂ ਮਹੱਤਵਪੂਰਨ ਮਜ਼ਬੂਤੀ ਮਿਲੀ ਜਦੋਂ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਉੱਘੇ ਆਗੂ,ਵਕੀਲ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਾਬਕਾ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਅਤੇ ਪੰਥਕ ਸਰੋਕਾਰਾਂ ਨਾਲ ਲੰਬੇ ਸਮੇਂ ਤੋਂ ਜੁੜੇ ਸਰਦਾਰ ਮਨਜੀਤ ਸਿੰਘ ਚਾਹਲ ਨੇ ਮਿਸਲ ਸਤਲੁਜ ਵਿੱਚ ਸ਼ਮੂਲੀਅਤ ਕਰ ਲਈ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਸਰਦਾਰ ਮਨਜੀਤ ਸਿੰਘ ਚਾਹਲ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸਰਦਾਰ ਚਾਹਲ ਨੇ ਮੁਲਾਜ਼ਮ ਵਰਗ ਦੇ ਹੱਕਾਂ ਦੀ ਰੱਖਿਆ ਲਈ ਲੰਬੇ ਸਮੇਂ ਤੱਕ ਅਗਵਾਈ ਭਰਪੂਰ ਭੂਮਿਕਾ ਨਿਭਾਈ ਹੈ ਅਤੇ ਲੋਕ-ਹਿੱਤਾਂ ਨਾਲ ਜੁੜੇ ਅਨੇਕਾਂ ਮੁੱਦਿਆਂ ਉੱਤੇ ਆਪਣੀ ਪ੍ਰਭਾਵਸ਼ਾਲੀ ਆਵਾਜ਼ ਬੁਲੰਦ ਕੀਤੀ ਹੈ।ਉਹ ਹਮੇਸ਼ਾ ਪੰਜਾਬ ਦੇ ਮੁਲਾਜ਼ਮ ਵਰਗ ਦੀਆਂ ਮੰਗਾਂ ਲਈ ਸੰਘਰਸ਼ ਅਤੇ ਆਵਾਜ਼ ਬਣੇ ਰਹੇ। ਸਰਦਾਰ ਬਰਾੜ ਨੇ ਕਿਹਾ ਕਿ ਮਨਜੀਤ ਸਿੰਘ ਚਾਹਲ ਦਾ ਜੀਵਨ ਸੰਘਰਸ਼, ਸਮਰਪਣ ਅਤੇ ਸੇਵਾ-ਭਾਵਨਾ ਦਾ ਪ੍ਰਤੀਕ ਰਿਹਾ ਹੈ। ਮਨਜੀਤ ਸਿੰਘ ਚਾਹਲ ਨੇ ਮਿਸਲ ਸਤਲੁਜ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਹੱਕਾਂ, ਲੋਕ-ਭਲਾਈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਚੱਲ ਰਹੀ ਇਸ ਮੁਹਿੰਮ ਨਾਲ ਪੂਰੀ ਨਿਸ਼ਠਾ ਨਾਲ ਜੁੜੇ ਰਹਿਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਜਥੇਬੰਦੀ ਵੱਲੋਂ ਸੌਂਪੀ ਹਰ ਜ਼ਿੰਮੇਵਾਰੀ ਨੂੰ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਪੰਜਾਬ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਉਣਗੇ।