ਅੰਮ੍ਰਿਤਸਰ : ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਿਖੇ ਵਿਸ਼ਵ ਵੈਟਰਨਰੀ ਦਿਵਸ ਨੂੰ ਸਮਰਪਿਤ ਮੁਫ਼ਤ ਪਸ਼ੂ ਸਿਹਤ ਸੇਵਾਵਾਂ ਅਤੇ ਜਾਗਰੂਕਤਾ ਮੁਹਿੰਮ ਆਯੋਜਿਤ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਐੱਚ. ਕੇ. ਵਰਮਾ ਦੇ ਸਹਿਯੋਗ ਨਾਲ ਵੈਟਰਨਰੀ ਕਲੀਨਿਕਲ ਕੰਪਲੈਕਸ ਵਿਖੇ ‘ਵੈਟਰਨਰੀਅਨ: ਗਾਰਡੀਅਨਜ਼ ਫੂਡ ਐਂਡ ਹੈਲਥ’ ਵਿਸ਼ੇ ’ਤੇ ਕਰਵਾਏ ਇਸ ਸਮਾਗਮ ਮੌਕੇ ਪਸ਼ੂਆਂ ਲਈ ਐਂਟੀ-ਰੇਬੀਜ਼ ਟੀਕਾਕਰਨ, ਕੀੜੇ ਮਾਰਨ ਦੀ ਦਵਾਈ (ਡੀਵਰਮਿੰਗ) ਅਤੇ ਐਂਟੀ-ਟਿੱਕ ਬਾਥ ਮੁਫ਼ਤ ਉਪਲਬਧ ਕਰਵਾਏ ਗਏ। ਇਸ ਸਮਾਗਮ ਦਾ ਉਦਘਾਟਨ ਪ੍ਰਿੰ: ਡਾ. ਵਰਮਾ ਨੇ ਮੈਨੇਜਿੰਗ ਡਾਇਰੈਕਟਰ ਡਾ. ਐੱਸ. ਕੇ. ਨਾਗਪਾਲ, ਡਾਇਰੈਕਟਰ ਕਲੀਨਿਕਸ ਡਾ. ਪੀ. ਐੱਸ. ਮਾਵੀ ਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ’ਚ ਕੀਤਾ। ਇਸ ਮੌਕੇ ਡਾ. ਵਰਮਾ ਨੇ ਕਿਹਾ ਕਿ ਭਾਰਤ ’ਚ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣ ’ਚ ਪਸ਼ੂਧਨ ਉਤਪਾਦਾਂ, ਖ਼ਾਸ ਕਰਕੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਅਹਿਮ ਭੂਮਿਕਾ ਹੈ, ਕਿਉਂਕਿ ਦੇਸ਼ ਦੀ ਵੱਡੀ ਅਬਾਦੀ ਸ਼ਾਕਾਹਾਰੀ ਹੈ। ਇਹ ਤਦ ਹੀ ਸੰਭਵ ਹੈ, ਜਦੋਂ ਪਸ਼ੂ ਉਤਪਾਦ ਸੁਰੱਖਿਅਤ, ਗੁਣਵੱਤਾ ਭਰਪੂਰ ਅਤੇ ਹਾਨੀਕਾਰਕ ਤੱਤਾਂ ਤੋਂ ਰਹਿਤ ਹੋਣ। ਇਸ ਲਈ ਪਸ਼ੂ ਪਾਲਕਾਂ ਨੂੰ ਵਿਗਿਆਨਕ ਤਰੀਕਿਆਂ ਨਾਲ ਪਸ਼ੂ ਪਾਲਣ ਅਤੇ ਬਿਮਾਰੀਆਂ ਤੋਂ ਬਚਾਅ ਬਾਰੇ ਸਿਖਲਾਈ ਦੇਣੀ ਬਹੁਤ ਜ਼ਰੂਰੀ ਹੈ। ਇਸ ਕੰਮ ’ਚ ਵੈਟਰਨਰੀ ਡਾਕਟਰ ਕਿਸਾਨਾਂ ਦਾ ਮਾਰਗਦਰਸ਼ਨ ਕਰਦੇ ਹੋਏ ਸਮਾਜ ਅਤੇ ਦੇਸ਼ ਦੀ ਸੇਵਾ ਕਰਦੇ ਹਨ। ਇਸ ਮੌਕੇ ਡਾ. ਮਾਵੀ ਨੇ ਸਮਾਗਮ ਦਾ ਸਫਲ ਆਯੋਜਨ ਅਤੇ ਤਾਲਮੇਲ ਕੀਤਾ। ਪ੍ਰੋਗਰਾਮ ਦਾ ਸਮਾਪਨ ਪਸ਼ੂਆਂ ’ਚ ਬਿਮਾਰੀਆਂ ਦੀ ਰੋਕਥਾਮ ਅਤੇ ਉੱਚ ਗੁਣਵੱਤਾ ਵਾਲੇ ਪਸ਼ੂ ਉਤਪਾਦਾਂ ਦੇ ਉਤਪਾਦਨ ਲਈ ਹੋਰ ਜ਼ਿਆਦਾ ਯਤਨ ਕਰਨ ਦੇ ਸੰਕਲਪ ਨਾਲ ਕੀਤਾ ਗਿਆ।