ਐਸ.ਏ.ਐਸ. ਨਗਰ : ਆਮ ਆਦਮੀ ਪਾਰਟੀ ਵੱਲੋਂ ਮੋਹਾਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਦੌਰਾਨ ਲਏ ਗਏ ਫੈਸਲੇ 'ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ, ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ‘ਆਪ’ ਨੇ ਮੋਹਾਲੀ ਵਿੱਚ ਲੋਕਤੰਤਰ ਅਤੇ ਆਪਣੇ ਹੀ ਕਥਿਤ ਅਸੂਲਾਂ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ। ਸ਼੍ਰੀ ਸਿੱਧੂ ਨੇ ਅੱਜ ਇੱਥੋਂ ਜਾਰੀ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ‘ਆਪ’ ਹਮੇਸ਼ਾ ਰਾਜਨੀਤਿਕ ਅਹੁਦੇ ਆਮ ਘਰਾਂ ਦੇ ਵਲੰਟੀਅਰਾਂ ਨੂੰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਰਹੀ ਹੈ, ਪਰ ਮੋਹਾਲੀ 'ਚ ਕਰੋੜਪਤੀ ਕਾਰੋਬਾਰੀ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਨੂੰ ਮੇਅਰ ਬਣਾ ਕੇ ਪਾਰਟੀ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਕਥਨੀ ਅਤੇ ਕਰਨੀ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੈ। ਉਹਨਾਂ ਕਿਹਾ ਕਿ ਮੇਅਰ ਦੀ ਚੋਣ ਵੇਲੇ ਪਾਰਟੀ ਨੇ ਆਪਣੇ ਹੀ ਸਭ ਤੋਂ ਸੀਨੀਅਰ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਪਾਰਟੀ ਦੇ ਸੀਨੀਅਰ ਸੂਬਾ ਆਗੂ ਡਾ. ਸੰਨੀ ਆਹਲੂਵਾਲੀਆ ਵਰਗੇ ਤਜਰਬੇਕਾਰ ਚਿਹਰਿਆਂ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ। ਸਾਬਕਾ ਮੰਤਰੀ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਮੋਹਾਲੀ ਦੇ ਸੂਝਵਾਨ ਲੋਕ ‘ਆਪ’ ਦੇ ਇਸ ਨਾਦਰਸ਼ਾਹੀ ਫੈਸਲੇ ਅਤੇ ਧਨਾਢਾਂ ਨੂੰ ਪਹਿਲ ਦੇਣ ਵਾਲੀ ਨੀਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਜਨਤਾ ਇਸ ਪਰਿਵਾਰਵਾਦ ਅਤੇ ਧੋਖੇਬਾਜ਼ੀ ਦਾ ਮੂੰਹ ਤੋੜ ਜਵਾਬ ਦੇਵੇਗੀ।