ਅੰਮ੍ਰਿਤਸਰ : ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ "ਪ੍ਰਧਾਨ ਮੰਤਰੀ ਮਾਤ੍ਰਿਤਵ ਸਿਹਤ ਅਭਿਆਨ" ਦੀ ਦਸਵੀਂ ਵਰ੍ਹੇਗੰਢ ਮੌਕੇ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਨੀਲਮ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਭਿਆਨ ਤਹਿਤ ਗਰਭਵਤੀ ਮਹਿਲਾਵਾਂ ਦੀ ਸਿਹਤ ਸੰਭਾਲ ਲਈ ਹਰ ਮਹੀਨੇ ਦੀ 9 ਅਤੇ 21 ਤਰੀਕ ਨੂੰ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ਵਿੱਚ ਗਰਭਵਤੀ ਮਾਵਾਂ ਦੇ ਐਂਟੀਨੇਟਲ ਚੈੱਕਅੱਪ, ਜੱਚਾ-ਬੱਚਾ ਸਿਹਤ ਸੰਭਾਲ ਅਤੇ ਸੁਰੱਖਿਅਤ ਜਣੇਪੇ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿੱਚ ਲਗਾਏ ਜਾਣ ਵਾਲੇ ਇਨ੍ਹਾਂ ਕੈਂਪਾਂ ਦੌਰਾਨ ਗਾਇਨੀ ਮਾਹਿਰਾਂ ਵੱਲੋਂ ਗਰਭਵਤੀ ਮਹਿਲਾਵਾਂ ਦੀ ਮੁਫ਼ਤ ਸਿਹਤ ਜਾਂਚ, ਲੈਬ ਟੈਸਟ, ਦਵਾਈਆਂ ਅਤੇ ਸੁਰੱਖਿਅਤ ਜਣੇਪੇ ਸਬੰਧੀ ਸਲਾਹ ਮੁਹੱਈਆ ਕਰਵਾਈ ਜਾਂਦੀ ਹੈ। ਡਾ. ਨੀਲਮ ਭਗਤ ਨੇ ਦੱਸਿਆ ਕਿ ਜੱਚਾ-ਬੱਚਾ ਸਿਹਤ ਸੰਭਾਲ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਨੂੰ ਚਾਰ ਨਵੀਆਂ ਅਲਟਰਾਸਾਊਂਡ ਮਸ਼ੀਨਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਹ ਮਸ਼ੀਨਾਂ ਸਿਵਲ ਹਸਪਤਾਲ ਅੰਮ੍ਰਿਤਸਰ, ਸਬ-ਡਿਵੀਜ਼ਨਲ ਹਸਪਤਾਲ ਬਾਬਾ ਬਕਾਲਾ, ਕਮਿਊਨਿਟੀ ਹੈਲਥ ਸੈਂਟਰ ਵੇਰਕਾ ਅਤੇ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਸਥਾਪਿਤ ਕੀਤੀਆਂ ਗਈਆਂ ਹਨ। ਇਸ ਨਾਲ ਗਰਭਵਤੀ ਮਹਿਲਾਵਾਂ ਅਤੇ ਹੋਰ ਮਰੀਜ਼ਾਂ ਨੂੰ ਅਲਟਰਾਸਾਊਂਡ ਕਰਵਾਉਣ ਲਈ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ ਅਤੇ ਸਿਹਤ ਸੇਵਾਵਾਂ ਹੋਰ ਸੁਚਾਰੂ ਢੰਗ ਨਾਲ ਉਪਲਬਧ ਹੋਣਗੀਆਂ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤਵਿਨ ਅਤੇ ਗਾਇਨੀ ਮਾਹਿਰ ਡਾ. ਚਿੰਕੀ ਠੁਕਰਾਲ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਸਿਹਤਮੰਦ ਗਰਭ ਅਵਸਥਾ ਅਤੇ ਸੁਰੱਖਿਅਤ ਜਣੇਪੇ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਗਰਭਵਤੀ ਮਾਵਾਂ ਨੂੰ ਫਲ ਵੀ ਵੰਡੇ ਗਏ। ਸਮਾਗਮ ਵਿੱਚ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਸਪਾਲ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਰਜਨੀਸ਼ ਕੁਮਾਰ, ਜ਼ਿਲ੍ਹਾ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਿਹਤ ਵਿਭਾਗ ਦਾ ਸਮੂਹ ਸਟਾਫ਼ ਹਾਜ਼ਰ ਸੀ।