ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਮਰਦਮਸ਼ੁਮਾਰੀ-2027 ਦੇ ਕੰਮ ਨੂੰ ਪੂਰੀ ਲਗਨ, ਸਮਰਪਣ ਅਤੇ ਤੇਜ਼ੀ ਨਾਲ ਨੇਪਰੇ ਚਾੜ੍ਹਨ ਵਾਲੇ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਅੱਜ ਪ੍ਰਿੰਸੀਪਲ ਸੈਂਸਜ਼ ਅਫ਼ਸਰ-ਕਮ-ਕਮਿਸ਼ਨਰ, ਨਗਰ ਨਿਗਮ ਐਸ.ਏ.ਐਸ. ਨਗਰ ਸੰਦੀਪ ਸਿੰਘ ਗਾੜ੍ਹਾ ਵੱਲੋਂ ਇੱਕ ਵਿਸ਼ੇਸ਼ ਪਰ ਸਾਦਾ ਸਮਾਗਮ ਦੌਰਾਨ 25 ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਉਨ੍ਹਾਂ ਕਰਮਚਾਰੀਆਂ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਨਗਰ ਨਿਗਮ ਖੇਤਰ ਅਧੀਨ ਆਪਣੇ ਸੈਂਸਜ਼ ਬਲਾਕਾਂ ਦਾ ਡਿਜੀਟਲ ਡਾਟਾ ਸਭ ਤੋਂ ਪਹਿਲਾਂ ਮੁਕੰਮਲ ਕਰਕੇ ਸਫ਼ਲਤਾਪੂਰਵਕ ਪੋਰਟਲ ’ਤੇ ਅਪਲੋਡ ਕੀਤਾ। ਇਨ੍ਹਾਂ ਕਰਮਚਾਰੀਆਂ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਕੰਮ ਪੂਰਾ ਕਰਕੇ ਆਪਣੀ ਕਾਰਜਕੁਸ਼ਲਤਾ ਅਤੇ ਵਚਨਬੱਧਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਮੌਕੇ ਪ੍ਰਿੰਸੀਪਲ ਸੈਂਸਜ਼ ਅਫ਼ਸਰ-ਕਮ-ਕਮਿਸ਼ਨਰ ਨੇ ਕਿਹਾ ਕਿ ਅੱਤ ਦੀ ਗਰਮੀ ਅਤੇ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ ਇਨ੍ਹਾਂ 25 ਮੁਲਾਜ਼ਮਾਂ ਨੇ ਤਕਨੀਕੀ ਮੁਹਾਰਤ, ਅਨੁਸ਼ਾਸਨ ਅਤੇ ਜਨਤਾ ਨਾਲ ਬਿਹਤਰੀਨ ਤਾਲਮੇਲ ਦੀ ਮਿਸਾਲ ਪੇਸ਼ ਕਰਦਿਆਂ ਆਪਣੀ ਡਿਊਟੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਕਾਰਗੁਜ਼ਾਰੀ ਬਾਕੀ ਸਟਾਫ਼ ਲਈ ਵੀ ਪ੍ਰੇਰਣਾ ਦਾ ਸਰੋਤ ਹੈ।
ਉਨ੍ਹਾਂ ਬਾਕੀ ਟੀਮਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਦੇ ਸਮਰਪਣ ਅਤੇ ਤੇਜ਼ੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤਾਂ ਜੋ ਮਰਦਮਸ਼ੁਮਾਰੀ-2027 ਦੇ ਕੰਮ ਨੂੰ ਜਲਦ ਤੋਂ ਜਲਦ 100 ਫ਼ੀਸਦੀ ਮੁਕੰਮਲ ਕੀਤਾ ਜਾ ਸਕੇ।