ਅੰਮ੍ਰਿਤਸਰ : ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੇ ਜ਼ਮੀਨੀ ਵਿਵਾਦ ਅਤੇ ਸੰਪਤੀ ਸਬੰਧੀ ਲਗਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜਥੇਬੰਦੀ ਦੀ ਸੰਪਤੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਦਾ ਹਕੀਕਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਹਰੀਆਂ ਵੇਲਾਂ ਜਥੇਬੰਦੀ ਦੀ ਲੌ ਲੰਗਰ ਦੇ ਨਾਂ ਦਰਜ ਜ਼ਮੀਨ ਕਾਨੂੰਨੀ ਤੌਰ ‘ਤੇ ਨਾ ਵੇਚੀ ਜਾ ਸਕਦੀ ਹੈ ਅਤੇ ਨਾ ਹੀ ਕਿਸੇ ਹੋਰ ਦੇ ਨਾਂ ਤਬਦੀਲ ਕੀਤੀ ਜਾ ਸਕਦੀ ਹੈ। ਬਾਬਾ ਨਿਹਾਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ 1967 ਵਿੱਚ ਜਥੇਬੰਦੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਸ ਵੇਲੇ ਜਥੇਬੰਦੀ ਕੋਲ ਕੇਵਲ 9 ਏਕੜ ਵਾਹੀਯੋਗ ਜ਼ਮੀਨ ਸੀ ਅਤੇ ਸਾਧਨ ਵੀ ਬਹੁਤ ਸੀਮਤ ਸਨ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਜਥੇਬੰਦੀ ਕੋਲ 150 ਏਕੜ ਜ਼ਮੀਨ ਹੈ, ਜੋ ਸਾਰੀ ਲੌ ਲੰਗਰ ਦੇ ਨਾਂ ‘ਤੇ ਦਰਜ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਕੋਲ ਕੋਈ ਸਬੂਤ ਹੈ ਕਿ ਇਸ ਰਕਮ ਦੀ ਵਰਤੋਂ ਨਿੱਜੀ ਮਕਸਦ ਲਈ ਕੀਤੀ ਗਈ ਹੈ ਤਾਂ ਉਹ ਸਾਹਮਣੇ ਲਿਆਇਆ ਜਾਵੇ। ਅਨੰਦਪੁਰ ਸਾਹਿਬ ਸਥਿਤ ਗੁਰਦੁਆਰਾ ਅਜੀਤਗੜ੍ਹ ਸਬੰਧੀ ਉੱਠੇ ਵਿਵਾਦ ਬਾਰੇ ਬਾਬਾ ਨਿਹਾਲ ਸਿੰਘ ਨੇ ਕਿਹਾ ਕਿ ਇਹ ਸੰਪਤੀ ਜਥੇਬੰਦੀ ਦੀ ਹੈ ਅਤੇ ਉਥੇ ਦੀ ਆਮਦਨ-ਖਰਚ ਦਾ ਪ੍ਰਬੰਧ ਸਾਲਾਂ ਤੋਂ ਸੇਵਾਦਾਰਾਂ ਕੋਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਦੇ ਵੀ ਉਥੋਂ ਦੀ ਆਮਦਨ ਵਿੱਚੋਂ ਕੋਈ ਨਿੱਜੀ ਲਾਭ ਨਹੀਂ ਲਿਆ। ਪ੍ਰੈੱਸ ਕਾਨਫਰੰਸ ਦੇ ਅੰਤ ਵਿੱਚ ਬਾਬਾ ਨਿਹਾਲ ਸਿੰਘ ਨੇ ਕਿਹਾ ਕਿ ਜੇ ਕੋਈ ਵਿਅਕਤੀ ਇਹ ਸਾਬਤ ਕਰ ਦੇਵੇ ਕਿ ਉਨ੍ਹਾਂ ਨੇ ਜਥੇਬੰਦੀ ਦੀ ਕਿਸੇ ਸੰਪਤੀ ਜਾਂ ਰਕਮ ਦਾ ਨਿੱਜੀ ਲਾਭ ਲਈ ਇਸਤੇਮਾਲ ਕੀਤਾ ਹੈ ਤਾਂ ਉਹ ਪੰਥ ਵੱਲੋਂ ਦਿੱਤੀ ਜਾਣ ਵਾਲੀ ਹਰ ਸਜ਼ਾ ਸਵੀਕਾਰ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਾਰੀ ਉਮਰ ਜਥੇਬੰਦੀ ਅਤੇ ਗੁਰੂ ਘਰ ਦੀ ਸੇਵਾ ਵਿੱਚ ਬੀਤੀ ਹੈ ਅਤੇ ਅਗਾਂਹ ਵੀ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ।