ਅੰਮ੍ਰਿਤਸਰ : ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਨਵੀਂ ਪੀੜ੍ਹੀ ਨੂੰ ਗੁਰਬਾਣੀ, ਗੁਰਮਤਿ ਤੇ ਸਿੱਖ ਇਤਿਹਾਸ ਨਾਲ ਜੋੜਨ ਦੇ ਮਹਾਨ ਉਦੇਸ਼ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਵੱਲੋਂ ਗੁਰਦੁਆਰਾ ਮਾਤਾ ਸੁੰਦਰੀ ਜੀ, ਨਵੀਂ ਦਿੱਲੀ ਵਿਖੇ ਉਸਾਰੇ ਜਾ ਰਹੇ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਗੁਰਮਤਿ ਸਟੱਡੀ ਐਂਡ ਸੰਗੀਤ ਅਕੈਡਮੀ ਦੀ ਛੇ ਮੰਜ਼ਿਲਾ ਇਮਾਰਤ ਦਾ ਅੱਜ ਲੈਂਟਰ ਪਾਇਆ ਗਿਆ। ਇਸ ਮਹਾਨ ਸੇਵਾ ਦੀ ਜ਼ਿੰਮੇਵਾਰੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ, ਜਿਸ ਨੂੰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਪੂਰੀ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਇਆ ਜਾ ਰਿਹਾ ਇਸ ਮੌਕੇ ਸੇਵਾ ਦੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਬਾਬਾ ਹਰੀ ਸਿੰਘ ਨੇ ਦੱਸਿਆ ਕਿ ਅੱਜ ਛੇਵੀਂ ਮੰਜ਼ਿਲ ਤੇ ਲੈਂਟਰ ਪੈਣ ਨਾਲ ਇਮਾਰਤ ਦੀ ਮੁੱਖ ਉਸਾਰੀ ਦਾ ਇੱਕ ਮਹੱਤਵਪੂਰਨ ਪੜਾਅ ਸਫਲਤਾਪੂਰਵਕ ਸੰਪੂਰਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਬਖ਼ਸ਼ਿਸ਼ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਇਹ ਕਾਰਜ ਨਿਰੰਤਰ ਅੱਗੇ ਵਧ ਰਿਹਾ ਹੈ ਅਤੇ ਹੁਣ ਅਗਲੇ ਪੜਾਅ ਦੇ ਕੰਮ ਜੰਗੀ ਪੱਧਰ 'ਤੇ ਚੱਲ ਰਹੇ ਹਨ। ਇਸ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ ਇਕਬਾਲ ਸਿੰਘ ਗੋਲਡੀ ਨੇ ਕਿਹਾ ਕਿ ਗੁਰਮਤਿ ਵਿਦਿਆਲੇ ਦਾ ਇਹ ਪ੍ਰੋਜੈਕਟ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਅਤੇ ਗੁਰਮਤਿ ਦੇ ਉੱਚੇ ਆਦਰਸ਼ ਦ੍ਰਿੜ ਕਰਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ ਜਗਦੀਪ ਸਿੰਘ ਕਹਲੋਂ ਦਾ ਮਹਾਨ ਉਪਰਾਲਾ ਹੈ। ਉਹਨਾਂ ਦੱਸਿਆ ਕਿ ਇੱਥੇ ਸਿੱਖਿਆ ਪ੍ਰਾਪਤ ਕਰਨ ਵਾਲੇ ਬੱਚੇ ਨਾ ਸਿਰਫ਼ ਵਿਦਿਅਕ ਖੇਤਰ ਵਿੱਚ ਅੱਗੇ ਵਧਣਗੇ,ਸਗੋਂ ਗੁਰੂ ਸਾਹਿਬਾਨ ਦੀਆਂ ਪਾਵਨ ਸਿੱਖਿਆਵਾਂ, ਸਿੱਖੀ ਸਿਧਾਂਤਾਂ ਅਤੇ ਸਿੱਖ ਰਹਿਤ-ਮਰਿਆਦਾ ਨਾਲ ਵੀ ਡੂੰਘਾਈ ਨਾਲ ਜੁੜਨਗੇ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਸਮਰੱਥ ਪੀੜ੍ਹੀ ਤਿਆਰ ਹੋਵੇਗੀ। ਇਸ ਮੌਕੇ ਗੁਰਦੁਆਰਾ ਮਾਤਾ ਸੁੰਦਰੀ ਜੀ ਦੇ ਹੈਡ ਗ੍ਰੰਥੀ ਗਿਆਨੀ ਸੰਦੀਪ ਸਿੰਘ, ਸ ਪ੍ਰਿਤਪਾਲ ਸਿੰਘ , ਸ ਬਲਬੀਰ ਸਿੰਘ, ਸ ਰਮਨ ਸਿੰਘ, ਸ ਹਰਪ੍ਰੀਤ ਸਿੰਘ, ਸ ਬਲਵਿੰਦਰ ਸਿੰਘ ਚੇਅਰਮੈਨ ਮਾਤਾ ਸੁੰਦਰੀ ਜੀ ਕਾਲਜ ਵੀ ਮੌਜੂਦ ਸਨ.