ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਮੁਹਿੰਮ ਤਹਿਤ ਵੋਟਰਾਂ ਦੇ ਵੇਰਵਿਆਂ ਦੀ ਸਹੀ ਤਸਦੀਕ ਅਤੇ ਮੈਪਿੰਗ ਯਕੀਨੀ ਬਣਾਉਣ ਲਈ 7 ਜੂਨ, 2026 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਪ੍ਰੀ-ਮੈਪਿੰਗ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਆਪਣੇ ਵੋਟਰ ਵੇਰਵਿਆਂ ਦੀ ਮੈਪਿੰਗ ਕਰਵਾਉਣ। ਉਨ੍ਹਾਂ ਕਿਹਾ ਕਿ ਸਹੀ ਅਤੇ ਪਾਰਦਰਸ਼ੀ ਵੋਟਰ ਸੂਚੀਆਂ ਲੋਕਤੰਤਰ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹਨ ਅਤੇ ਇਸ ਮੁਹਿੰਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯੋਗ ਵੋਟਰ ਸੂਚੀ ਤੋਂ ਵਾਂਝਾ ਨਾ ਰਹਿ ਜਾਵੇ ਅਤੇ ਕੋਈ ਅਯੋਗ ਐਂਟਰੀ ਨਾ ਰਹੇ। ਉਨ੍ਹਾਂ ਦੱਸਿਆ ਕਿ ਵੋਟਰ ਆਪਣਾ ਨਾਮ ਸਾਲ 2003 ਦੀ ਵੋਟਰ ਸੂਚੀ ਵਿੱਚ ਆਨਲਾਈਨ ਵੀ ਖੋਜ ਸਕਦੇ ਹਨ। ਇਸ ਲਈ ਵੋਟਰਾਂ ਨੂੰ ਵੋਟਰ ਸਰਵਿਸ ਪੋਰਟਲ (https://voters.eci.gov.in 'ਤੇ ਜਾ ਕੇ “Special Intensive Revision (SIR)-2026” ਸੈਕਸ਼ਨ ਅਧੀਨ “Search Your Name in Last SIR” ਵਿਕਲਪ ਦੀ ਵਰਤੋਂ ਕਰਨੀ ਹੋਵੇਗੀ। ਵੋਟਰ ਆਪਣੇ ਵੇਰਵਿਆਂ ਰਾਹੀਂ ਜਾਂ ਪਿਛਲੀ ਐਸ ਆਈ ਆਰ ਈ-ਰੋਲ ਵਿੱਚ ਖੋਜ ਕਰਕੇ ਆਪਣੀ ਜਾਣਕਾਰੀ ਦੀ ਪੁਸ਼ਟੀ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 7 ਜੂਨ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗਣ ਵਾਲੇ ਵਿਸ਼ੇਸ਼ ਕੈਂਪਾਂ ਦੌਰਾਨ ਬੂਥ ਲੈਵਲ ਅਫ਼ਸਰ ਅਤੇ ਹੋਰ ਚੋਣ ਅਮਲਾ ਵੋਟਰਾਂ ਦੀ ਮਦਦ ਲਈ ਮੌਜੂਦ ਰਹੇਗਾ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ, ਸਮਾਜਿਕ ਸੰਸਥਾਵਾਂ, ਵਿਦਿਅਕ ਅਦਾਰਿਆਂ ਅਤੇ ਆਮ ਨਾਗਰਿਕਾਂ ਨੂੰ ਇਸ ਜਨਹਿੱਤ ਮੁਹਿੰਮ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਹਰ ਵੋਟ ਮਹੱਤਵਪੂਰਨ ਹੈ ਅਤੇ ਸਹੀ ਵੋਟਰ ਸੂਚੀ ਹੀ ਮਜ਼ਬੂਤ ਲੋਕਤੰਤਰ ਦੀ ਨੀਂਹ ਹੈ। ਇਸ ਲਈ ਸਮੂਹ ਵੋਟਰ 7 ਜੂਨ ਨੂੰ ਆਪਣੇ ਪੋਲਿੰਗ ਬੂਥ 'ਤੇ ਪਹੁੰਚ ਕੇ ਆਪਣੇ ਵੇਰਵਿਆਂ ਦੀ ਮੈਪਿੰਗ ਜ਼ਰੂਰ ਕਰਵਾਉਣ।