ਕੋਟਕਪੂਰਾ : ਅੱਜ ਇੱਥੋਂ ਥੋੜ੍ਹੀ ਦੂਰ ਪਿੰਡ ਔਲਖ ਵਿਖੇ ਸ਼ਹੀਦ ਕਾਮਰੇਡ ਅਮੋਲਕ ਸਿੰਘ ਔਲਖ ਤੇ ਉਹਨਾਂ ਦੇ ਛੇ ਸਾਥੀਆਂ ਦੀ 35 ਵੀ ਬਰਸੀ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸ਼ਹੀਦ ਕਾਮਰੇਡ ਅਮੋਲਕ ਸਿੰਘ ਦੀ ਯਾਦਗਾਰ ਵਿਖੇ ਪਾਰਟੀ ਦਾ ਝੰਡਾ ਲਹਿਰਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਬਜ਼ੁਰਗ ਸਾਥੀ ਸੁਖਦਰਸ਼ਨ ਰਾਮ ਸ਼ਰਮਾ ਅਤੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਵੱਲੋਂ ਕੀਤੀ ਗਈ। ਕਾਮਰੇਡ ਹਰਦੇਵ ਅਰਸ਼ੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਹੀਦ ਕਾਮਰੇਡ ਅਮੋਲਕ ਸਿੰਘ ਔਲਖ ਤੇ ਉਹਨਾਂ ਦੇ ਛੇ ਸਾਥੀਆਂ ਵੱਲੋਂ 7 ਜੂਨ 1991 ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਿਰ ਦਿੱਤੀ ਗਈ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਮੌਜੂਦਾ ਦੌਰ ਵਿੱਚ ਇਹਨਾਂ ਕੁਰਬਾਨੀਆਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ਜਦੋਂ ਸਾਡੇ ਮੁਲਕ ਦੀ ਸਿਆਸਤ ਧਰਮ ਨਿਰਪੱਖਤਾ ਦੇ ਸਿਧਾਂਤ ਤੋਂ ਬੁਰੀ ਤਰਾਂ ਭਟਕ ਗਈ ਹੋਵੇ। ਜ਼ਿਕਰਯੋਗ ਹੈ ਕਿ ਅੱਜ ਦਾ ਬਰਸੀ ਸਮਾਗਮ ਬੀਤੀ ਰਾਤ ਪਾਰਟੀ ਦੀ ਸਥਾਨਕ ਬ੍ਰਾਂਚ ਦੇ ਮੈਂਬਰ ਬਲਕਰਨ ਸਿੰਘ ਖਾਲਸਾ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਕਾਰਨ ਮੁਲਤਵੀ ਕਰਨਾ ਪੈ ਗਿਆ ਸੀ। ਇਸ ਮੌਕੇ ਤੇ ਹਾਜ਼ਰ ਭਾਰਤੀ ਕਮਿਊਨਿਸਟ ਪਾਰਟੀ ਦੇ ਸਮੂਹ ਸੂਬਾਈ ਆਗੂ, ਜ਼ਿਲ੍ਹਾ ਪੱਧਰੀ ਆਗੂਆਂ ਅਤੇ ਸਥਾਨਕ ਬ੍ਰਾਂਚ ਦੇ ਸਮੂਹ ਆਗੂਆਂ ਨੇ ਮ੍ਰਿਤਕ ਬਲਕਰਨ ਸਿੰਘ ਦੇ ਘਰ ਜਾਕੇ ਸਮੂਹ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਉਪਰੰਤ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਮੀਟਿੰਗ ਕਰਕੇ ਨਿਰਣਾ ਲਿਆ ਕਿ ਸਾਉਣੀ ਦੇ ਸੀਜ਼ਨ ਕਾਰਨ ਮਜ਼ਦੂਰਾਂ ਦੇ ਰੁਝੇਵਿਆਂ ਨੂੰ ਮੁੱਖ ਰੱਖਦੇ ਹੋਏ 35ਵੀ ਬਰਸੀ ਇੱਕ ਜ਼ਿਲ੍ਹਾ ਪੱਧਰੀ ਚੇਤਨਾ ਕਨਵੈਂਨਸ਼ਨ ਦੇ ਰੂਪ ਵਿੱਚ 19 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਿੰਡ ਔਲਖ ਵਿਖੇ ਮਨਾਈ ਜਾਵੇਗੀ।