ਨਵਾਂਸ਼ਹਿਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੇ ਇੱਕ ਬੇਹੱਦ ਦਰਦਨਾਕ ਅਤੇ ਰੂਹ ਕੰਬਾਊ ਕਤਲਕਾਂਡ ਦੀ ਗੁੱਥੀ ਨੂੰ ਸੁਲਝਾਉਂਦਿਆਂ, 16 ਸਾਲ ਦੀ ਇੱਕ ਨਾਬਾਲਗ ਲੜਕੀ ਦਾ ਗਲਾ ਘੁੱਟ ਕੇ ਕਤਲ ਕਰਨ ਅਤੇ ਸਬੂਤ ਮਿਟਾਉਣ ਦੀ ਨੀਅਤ ਨਾਲ ਲਾਸ਼ ਨੂੰ ਅਟੈਚੀ ਵਿੱਚ ਪਾ ਕੇ ਜੰਗਲ ਵਿੱਚ ਸਾੜਨ ਵਾਲੇ ਬੇਰਹਿਮ ਕਾਤਲ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਜੰਗਲ ਵਿੱਚੋਂ ਮ੍ਰਿਤਕਾ ਦਾ ਜਲਿਆ ਹੋਇਆ ਪਿੰਜਰ ਬਰਾਮਦ ਕਰ ਲਿਆ ਹੈ।ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਊਸ਼ਾ ਰਾਣੀ ਵਾਸੀ ਪਿੰਡ ਜਾਡਲੀ , ਹਾਲ ਵਾਸੀ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਨੇ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਲੰਘੀ 29 ਮਈ 2026 ਨੂੰ ਉਸਦੀ ਗੈਰ-ਹਾਜ਼ਰੀ ਵਿੱਚ ਕੋਈ ਅਣਪਛਾਤਾ ਵਿਅਕਤੀ ਉਸਦੀ 16 ਸਾਲਾ ਨਾਬਾਲਗ ਧੀ ਨੂੰ ਬਹਿਲਾ-ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਕਿਧਰੇ ਭਜਾ ਕੇ ਲੈ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 118, ਧਾਰਾ 137(2), 96 ਬੀ.ਐੱਨ.ਐੱਸ. (BNS) ਤਹਿਤ ਅਣਪਛਾਤੇ ਖ਼ਿਲਾਫ਼ ਦਰਜ ਕੀਤਾ ਸੀ। ਇਸੇ ਗੱਲ ਦੀ ਰੰਜਿਸ਼ ਰੱਖਦਿਆਂ ਮੁਲਜ਼ਮ ਨੇ 29 ਮਈ ਦੀ ਸਵੇਰ ਨੂੰ ਜਦੋਂ ਊਸ਼ਾ ਰਾਣੀ ਆਪਣੇ ਕੰਮ 'ਤੇ ਗਈ ਹੋਈ ਸੀ, ਤਾਂ ਪਿੱਛੋਂ ਘਰ ਵਿੱਚ ਇਕੱਲੀ ਨਾਬਾਲਗ ਲੜਕੀ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮ੍ਰਿਤਕ ਲੜਕੀ ਦੇ ਜਲੇ ਹੋਏ ਪਿੰਜਰ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੀ ਬਾਰੀਕੀ ਨਾਲ ਜਾਂਚ ਜਾਰੀ ਹੈ।