ਬਰਨਾਲਾ : ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਆਪਣੀ ਤਾਜਪੋਸ਼ੀ ਸਮਾਰੋਹ ਦੌਰਾਨ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਪ੍ਰਸਿੱਧ ਸਮਾਜ ਸੇਵੀ ਸਵ: ਮਲਕੀਤ ਸਿੰਘ ਕੀਤੂ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਸਬੰਧੀ ਉਹਨਾਂ ਦੇ ਸਪੁੱਤਰ ਕੁਲਵੰਤ ਸਿੰਘ ਕੀਤੂ ਨੇ ਬਰਨਾਲਾ ਜ਼ਿਲ੍ਹੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ, ਬਰਨਾਲਾ ਵਿਖੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕੇਵਲ ਸਿੰਘ ਢਿੱਲੋਂ ਦੀ ਸ਼ਬਦਾਵਲੀ 'ਤੇ ਸਖ਼ਤ ਇਤਰਾਜ ਜ਼ਾਹਿਰ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਸਵ. ਮਲਕੀਤ ਸਿੰਘ ਕੀਤੂ ਦੇ ਸਪੁੱਤਰ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੋ ਵਾਰ ਹਲਕਾ ਬਰਨਾਲਾ ਤੋਂ ਵਿਧਾਇਕ ਰਹੇ ਅਤੇ ਆਪਣਾ ਸਾਰਾ ਜੀਵਨ ਲੋਕ ਸੇਵਾ ਅਤੇ ਸਮਾਜ ਦੀ ਭਲਾਈ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਮਲਕੀਤ ਸਿੰਘ ਕੀਤੂ ਦਾ ਦੇਹਾਂਤ ਹੋਏ ਇੱਕ ਦਹਾਕੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅੱਜ ਵੀ ਲੋਕ ਉਨ੍ਹਾਂ ਨੂੰ ਸਤਿਕਾਰ ਨਾਲ ਯਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜੂਨ ਦਾ ਮਹੀਨਾ ਸ਼ਹੀਦਾਂ ਦੀ ਯਾਦ ਨਾਲ ਜੁੜਿਆ ਹੋਇਆ ਹੈ ਅਤੇ ਉਹ ਕੇਵਲ ਸਿੰਘ ਢਿੱਲੋਂ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਰਹੇ ਹਨ। ਜੇਕਰ ਇਸ ਮਿਆਦ ਦੌਰਾਨ ਉਨ੍ਹਾਂ ਵੱਲੋਂ ਬਰਨਾਲਾ ਦੇ ਲੋਕਾਂ ਤੋਂ ਮੁਆਫ਼ੀ ਨਾ ਮੰਗੀ ਗਈ ਤਾਂ ਉਹ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਅਗਲੀ ਕਾਰਵਾਈ ਕਰਨਗੇ। ਇਸ ਮੌਕੇ ਹਾਜ਼ਰ ਆਗੂਆਂ ਨੇ ਵੀ ਸਵ. ਮਲਕੀਤ ਸਿੰਘ ਕੀਤੂ ਦੀਆਂ ਸਮਾਜਿਕ ਅਤੇ ਰਾਜਨੀਤਿਕ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯਾਦ ਅਤੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਸੰਜੀਵ ਸ਼ੋਰੀ ਮੈਂਬਰ ਕੋਰ ਕਮੇਟੀ ਅਕਾਲੀ ਦਲ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਸ਼ਹਿਰੀ ਪ੍ਰਧਾਨ ਅਕਾਲੀ ਦਲ, ਜਰਨੈਲ ਸਿੰਘ ਭੋਤਨਾ, ਰੁਪਿੰਦਰ ਸਿੰਘ ਸੰਧੂ, ਗੁਰਤੇਜ ਸਿੰਘ ਧੌਲਾ, ਬੇਅੰਤ ਕੌਰ ਖਹਿਰਾ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਸੁਖਪਾਲ ਸਿੰਘ ਰੁਪਾਣਾ, ਬੇਅੰਤ ਸਿੰਘ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।