ਅਜਨਾਲਾ : ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਵਿਧਾਨ ਸਭਾ ਹਲਕਾ ਅਜਨਾਲਾ ਚ ਘਰੇਲੂ, ਵਪਾਰਕ ਅਦਾਰਿਆਂ ਤੇ ਖੇਤੀ ਟਿਊਬਵੈਲਾਂ ਲਈ ਬਿਜਲੀ ਦੀ ਨਿਰੰਤਰ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਅਤੇ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਨਵੇਂ ਕੀਰਤੀਮਾਨ ਸਥਾਪਿਤ ਕਰਨ ਹਿੱਤ ਅੱਜ ਬਕਾਇਦਾ ਰਸਮੀ ਤੌਰ ਤੇ ਹਲਕੇ ਦੇ ਇਤਿਹਾਸਿਕ ਨਗਰ ਰਮਦਾਸ ਵਿਖੇ ਪਾਵਰਕੌਮ ਦੇ ਬਾਰਡਰ ਰੇਂਜ ਚੀਫ਼ ਇੰਜੀਨੀਅਰ ਸੁਰਿੰਦਰ ਸਿੰਘ ਬੈਂਸ, ਨਿਗਰਾਨ ਇੰਜੀਨੀਅਰ ਬਲਕਾਰ ਸਿੰਘ, ਅਜਨਾਲਾ ਡਵੀਜ਼ਨ ਦੇ ਵਧੀਕ ਨਿਗਰਾਨ ਇੰਜੀਨੀਅਰ - ਕਮ - ਐਕਸੀਂਅਨ ਇੰਜੀ: ਅਨੀਸ਼ ਸਿੰਘ ਸਮੇਤ ਸਥਾਨਕ ਪਾਵਰਕੌਮ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਉਪਰੰਤ ਗੱਲਬਾਤ ਦੌਰਾਨ ਮੁੱਖ ਬੁਲਾਰੇ ਤੇ ਵਿਧਾਇਕ ਸ. ਧਾਲੀਵਾਲ ਨੇ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਵਿਧਾਨ ਸਭਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ ਪਹਿਲਾਂ ਹੀ ਜਾਰੀ ਕੀਤੇ ਭਾਰੀ ਫੰਡਾਂ ਤੋਂ ਇਲਾਵਾ ਹੁਣ ਹੋਰ 25 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ। ਉਹਨਾਂ ਦਾਅਵਾ ਕੀਤਾ ਕਿ ਰਵਾਇਤੀ ਪਾਰਟੀਆਂ ਦੀਆਂ ਸਾਬਕਾ ਸਰਕਾਰਾਂ ਨੇ ਸਹੂਲਤਾਂ ਦੇ ਨਾਂਅ ਤੇ ਬਿਜਲੀ ਖਪਤਕਾਰਾਂ ਨਾਲ ਕਥਿਤ ਤੌਰ ਤੇ ਧੋਖਾ ਕੀਤਾ ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਰੇਕ ਵਰਗ ਲਈ ਬਿਨਾਂ ਸ਼ਰਤ 600 ਯੂਨਿਟ ਮੁਫ਼ਤ ਬਿਜਲੀ ਖਪਤਕਾਰਾਂ ਨੂੰ ਸਹੂਲਤ ਦੇਣ ਦੇ ਨਾਲ ਗੋਇੰਦਵਾਲ ਵਿਖੇ 1100 ਕਰੋੜ ਦੀ ਲਾਗਤ ਨਾਲ ਨਿੱਜੀ ਪਲਾਂਟ ਖਰੀਦ ਕਰਕੇ ਸਰਕਾਰ ਵਲੋਂ ਲੋਕ ਅਰਪਿਤ ਕੀਤਾ ਗਿਆ ਅਤੇ ਸਾਬਕਾ ਸਰਕਾਰਾਂ ਵਲੋਂ ਕਥਿਤ ਲੁੱਟ ਖਸੁੱਟ ਦੀ ਆੜ੍ਹ ਚ ਝਾਰਖੰਡ ਵਿਖੇ ਬੰਦ ਕੀਤੀ ਹੋਈ ਕੋਲ਼ੇ ਦੀ ਖਾਣ ਨੂੰ ਬਹਾਲ ਕਰਕੇ ਪੰਜਾਬ ਦੇ ਸਰਮਾਏ ਦੀ ਲੁੱਟ ਖਸੁੱਟ ਖਿੜਕੀ ਬੰਦ ਕਰਕੇ ਬਚਾਏ ਗਏ ਸਰਮਾਏ ਦੇ ਖਰਚੇ ਨਾਲ ਬਿਜਲੀ ਸੁਧਾਰਾਂ ਚ ਕ੍ਰਾਂਤੀ ਲਿਆਂਦੀ ਗਈ।