ਕੋਟਕਪੂਰਾ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਸਬ੍ਰਧੀ ਕੀਤੇ ਗਏ ਫੈਸਲੇ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਹਲਕਾ ਕੋਟਕਪੂਰਾ ਸ਼ੋਸ਼ਲ ਮੀਡੀਆ ਦੇ ਜਿਲਾ ਸਕੱਤਰ ਮਨਜੀਤ ਸ਼ਰਮਾ ਨੇ ਕਿਹਾ ਕਿ ਇਹ ਫ਼ੈਸਲਾ ਲੱਖਾਂ ਮਾਪਿਆਂ ਨੂੰ ਵੱਡੀ ਰਾਹਤ ਦੇਣ ਦੇਣ ਵਾਲਾ ਹੈ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ, ਖ਼ਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਪ੍ਰਾਈਵੇਟ ਸਕੂਲਾਂ ਨੂੰ ਮਨਮਾਨੀ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ, ਜਿਸ ਕਾਰਨ ਬੱਚਿਆਂ ਦੇ ਮਾਪਿਆਂ ’ਤੇ ਹਰ ਸਾਲ ਬੇਕਿਰਕ ਆਰਥਿਕ ਬੋਝ ਪੈਂਦਾ ਰਿਹਾ, ਜਦਕਿ ਸੂਬੇ ਦੇ ਮਾਪਿਆਂ ਨੂੰ ਪਹਿਲੀ ਵਾਰ ਇਹ ਭਰੋਸਾ ਮਿਲਿਆ ਹੈ ਕਿ ਮਿਹਨਤ ਦੀ ਕਮਾਈ ਨੂੰ ਸਿੱਖਿਆ ਦੇ ਨਾਮ ’ਤੇ ਲੁੱਟਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਾਲਾਨਾ ਫ਼ੀਸ ਵਾਧੇ ਨੂੰ 5 ਫ਼ੀਸਦੀ ਤੱਕ ਸੀਮਤ ਕਰਨ, ਤਿੰਨ ਸਾਲਾਂ ਵਿੱਚ 15 ਫ਼ੀਸਦੀ ਤੋਂ ਵੱਧ ਵਸੂਲੀ ਕਰਨ ਵਾਲੇ ਸਕੂਲਾਂ ਤੋਂ ਮਾਪਿਆਂ ਨੂੰ ਰਿਫੰਡ ਦਿਵਾਉਣ ਅਤੇ ਮਨਮਾਨੀ ਖ਼ਿਲਾਫ਼ ਸਖ਼ਤ ਕਾਨੂੰਨ ਲਿਆਉਣ ਦਾ ਫ਼ੈਸਲਾ ਪੰਜਾਬ ਦੇ ਸਿੱਖਿਆ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ। ਮਨਜੀਤ ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਦਾ ਦ੍ਰਿੜ ਸੰਕਲਪ ਹੈ ਕਿ ਸਿੱਖਿਆ ਕੋਈ ਵਪਾਰ ਨਹੀਂ, ਸਗੋਂ ਹਰ ਬੱਚੇ ਦਾ ਬੁਨਿਆਦੀ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇੱਕੋ-ਇੱਕ ਮਕਸਦ ਸੂਬੇ ਦੇ ਹਰ ਬੱਚੇ ਨੂੰ ਮਿਆਰੀ ਅਤੇ ਕਿਫਾਇਤੀ ਸਿੱਖਿਆ ਮੁਹੱਈਆ ਕਰਵਾਉਣਾ ਹੈ। ਜਦਕਿ ਇਹ ਫੈਸਲਾ ਮਾਪਿਆਂ ਦੇ ਹੱਕਾਂ ਦੀ ਰੱਖਿਆ ਕਰਨ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਸੁਰੱਖਿਅਤ ਕਰਨ ਵੱਲ ਪੁੱਟਿਆ ਗਿਆ ਇੱਕ ਨਿੱਗਰ ਕਦਮ ਹੈ। ਮਨਜੀਤ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਸੀ, ਇਹ ਫ਼ੈਸਲਾ ਉਸੇ ਬਦਲਾਅ ਦੀ ਇੱਕ ਹੋਰ ਮਜ਼ਬੂਤ ਅਤੇ ਇਤਿਹਾਸਕ ਮਿਸਾਲ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਯਕੀਨਨ ਪ੍ਰਾਈਵੇਟ ਸਕੂਲਾਂ ਦੀਆਂ ਮਨਮਰਜ਼ੀਆਂ ’ਤੇ ਰੋਕ ਲੱਗ ਸਕੇਗੀ।