ਫਰੀਦਕੋਟ : ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿੱਚ ਫਿਰੋਜ਼ਪੁਰ-ਜਲਾਲਾਬਾਦ ਸੜਕ ਹਾਦਸੇ ਵਿੱਚ ਜਖਮੀ ਹੋਏ 14 ਲੋਕਾਂ ਨੂੰ ਦਾਖਲ ਕਰਵਾਇਆ ਗਿਆ। ਜਿਸ ਵਿੱਚ ਚਾਰ ਦੀ ਹਾਲਤ ਗੰਭੀਰ ਹੈ। ਸੂਚਨਾ ’ਤੇ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਪਹੁੰਚੇ। ਉੱਥੇ ਉਹਨਾਂ ਮਿ੍ਰਤਕਾਂ ਅਤੇ ਜਖਮੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਹਾਲ ਚਾਲ ਜਾਣਿਆ। ਹਸਪਤਾਲ ਦੇ ਡਾਕਟਰਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਫਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ। ਜਿਕਰਯੋਗ ਹੈ ਕਿ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਪਿਕਅੱਪ ਤੇ ਟਰੱਕ ਵਿਚਕਾਰ ਭਿਆਨਕ ਟੱਕਰ ਵਿੱਚ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸੜਕ ਹਾਦਸੇ ਵਿੱਚ ਜ਼ਖਮੀ ਹੋਏ 14 ਲੋਕਾਂ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਐਮਐਸ ਡਾ. ਨੀਤੂ ਕੁੱਕੜ ਨੇ ਕਿਹਾ ਕਿ ‘ਮਰੀਜ਼ਾਂ ਦੀ ਜਾਨ ਬਚਾਉਣਾ ਸਾਡੀ ਪਹਿਲੀ ਤਰਜੀਹ ਹੈ। ਅੱਜ ਫਿਰੋਜ਼ਪੁਰ ਵਿੱਚ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਚੌਦਾਂ ਲੋਕਾਂ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਲਿਆਂਦਾ ਗਿਆ। ਹਸਪਤਾਲ ਪ੍ਰਸ਼ਾਸਨ ਦੀ ਤੁਰਤ ਕਾਰਵਾਈ ਕਾਰਨ, ਸਾਰੇ ਜ਼ਖਮੀਆਂ ਦਾ ਇਲਾਜ ਬਹੁਤ ਹੀ ਸੁਚਾਰੂ ਅਤੇ ਕੁਸ਼ਲਤਾ ਨਾਲ ਹੋ ਰਿਹਾ ਹੈ। ਡਾਕਟਰਾਂ ਦੀਆਂ ਵਿਸ਼ੇਸ਼ ਟੀਮਾਂ ਮਰੀਜ਼ਾਂ ਦੀ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ। ਇਸ ਸੰਵੇਦਨਸ਼ੀਲ ਸਥਿਤੀ ਬਾਰੇ ਬੋਲਦਿਆਂ ਹਸਪਤਾਲ ਦੇ ਸੁਪਰਡੈਂਟ (ਐਮਐਸ) ਡਾ. ਨੀਤੂ ਕੁੱਕੜ ਨੇ ਕਿਹਾ ਕਿ ਜਿਵੇਂ ਹੀ ਸਾਨੂੰ ਹਾਦਸੇ ਦੀ ਸੂਚਨਾ ਮਿਲੀ, ਸਾਡੇ ਪੂਰੇ ਟਰਾਮਾ ਅਤੇ ਐਮਰਜੈਂਸੀ ਸਟਾਫ ਨੂੰ ਅਲਰਟ ’ਤੇ ਰੱਖਿਆ ਗਿਆ। ਅਸੀਂ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਮਰੀਜ਼ ਨੂੰ ਸਭ ਤੋਂ ਵਧੀਆ ਸੰਭਵ ਇਲਾਜ ਮਿਲੇ ਅਤੇ ਉਨ੍ਹਾਂ ਦੀਆਂ ਜਾਨਾਂ ਸੁਰੱਖਿਅਤ ਰਹਿਣ। ਦਵਾਈਆਂ ਤੋਂ ਲੈ ਕੇ ਡਾਕਟਰਾਂ ਦੀ ਉਪਲਬਧਤਾ ਤੱਕ, ਕੁਝ ਵੀ ਅਣਗੌਲਿਆ ਨਹੀਂ ਛੱਡਿਆ ਜਾਵੇਗਾ। ਸਾਡਾ ਪੂਰਾ ਧਿਆਨ ਇਸ ਸਮੇਂ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਅਤੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਨੂੰ ਯਕੀਨੀ ਬਣਾਉਣ ’ਤੇ ਹੈ। ਹਸਪਤਾਲ ਪ੍ਰਸ਼ਾਸਨ ਦੀ ਤੁਰਤ ਕਾਰਵਾਈ ਅਤੇ ਡਾ. ਨੀਤੂ ਕੁੱਕੜ ਦੇ ਭਰੋਸੇ ਨਾਲ ਜ਼ਖਮੀਆਂ ਦੇ ਪਰਿਵਾਰਾਂ ਨੂੰ ਰਾਹਤ ਮਿਲੀ ਹੈ। ਮਰੀਜ਼ਾਂ ਨੂੰ ਹਰ ਲੋੜੀਂਦੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ, ਕਮਲੇਵਾਲਾ ਪਿੰਡ ਦੇ ਲਗਭਗ 30 ਤੋਂ 35 ਸ਼ਰਧਾਲੂ ਬਿਆਸ ਦਰਿਆ ਵਿੱਚ ਅਸਥੀਆਂ ਜਲ ਪ੍ਰਵਾਹ ਕਰਨ ਲਈ ਇੱਕ ਪਿਕਅੱਪ ਵਿੱਚ ਯਾਤਰਾ ਕਰ ਰਹੇ ਸਨ। ਰਸਤੇ ਵਿੱਚ ਉਨ੍ਹਾਂ ਦੀ ਗੱਡੀ ਇੱਕ ਟਰਾਲੇ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਚਾਰੇ ਚੀਕ ਚੰਗਿਆੜਾ ਮੱਚ ਗਿਆ ਚੀਕ ਚੰਗਿਆੜਾ ਮੱਚ ਗਿਆ ਅਤੇ ਕਈ ਜਾਨਾਂ ਮੌਕੇ ’ਤੇ ਹੀ ਚੱਲੀਆਂ ਗਈਆਂ ਤੇ ਗੰਭੀਰ ਜ਼ਖਮੀਆਂ ਨੂੰ ਪਹਿਲਾਂ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਕਾਰਨ 14 ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲ ਜ਼ਖਮੀਆਂ ਦੇ ਨਾਮ ਹਨ: ਮਲ ਸਿੰਘ (58), ਲਕਸ਼ਮੀ ਬਾਈ (65), ਗੋਮਾ ਬਾਈ (60), ਜਿਗਰ (11), ਦਾਰਾ ਸਿੰਘ (45), ਸੋਨੀਆ ਰਾਣੀ (28), ਰਾਣੋ (13), ਸੁਖਦੇਵ ਸਿੰਘ (40), ਗੁਰਮੀਤ ਸਿੰਘ (40), ਰਿੰਕੂ (35), ਵਿਦਿਆ ਬਾਈ (60), ਰੀਤ ਕੌਰ (14), ਕਰਨੈਲ ਸਿੰਘ (40) ਅਤੇ ਜਸ਼ਨ (13), ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਜ਼ੇਰੇ-ਇਲਾਜ ਹਾਦਸੇ ਦੇ ਪੀੜਤਾਂ ਨਾਲ ਦਾ ਪਤਾ ਲੈਣ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਪਹੁੰਚੇ ਅਤੇ ਉੱਥੇ ਜ਼ਖਮੀ ਮਰੀਜ਼ਾਂ ਦਾ ਹਾਲ ਜਾਣਿਆ। ਅਤੇ ਉਹਨਾਂ ਨੇ ਕਿਹਾ ਸਾਡੀ ਪੂਰੀ ਹਮਦਰਦੀ ਹੈ। ਉਹਨਾਂ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਹਨਾਂ ਕਿਹਾ ਕਿ ਮੈਂ ਡਾਕਟਰਾਂ ਨੂੰ ਹਦਾਇਤ ਕੀਤੀ ਹੈ ਕਿ ਇਲਾਜ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ। ਸਰਕਾਰ ਇਸ ਦੁੱਖ ਦੀ ਘੜੀ ਵਿੱਚ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਸਾਰਿਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦੀ ਹੈ।