ਲੁਧਿਆਣਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਆਦੇਸ਼ਾਂ ਅਨੁਸਾਰ ਸਥਾਨਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਵੱਡੀ ਸਕਰੀਨ ਲਗਾ ਕੇ 1984 ਵਾਲੇ ਘੱਲੂਘਾਰੇ ਦਾ ਬਿਰਤਾਂਤ ਸੰਗਤਾਂ ਨੂੰ ਦਿਖਾਇਆ ਜਾ ਰਿਹਾ ਹੈ। ਪਰ ਸਨ 1984 ਦੌਰਾਨ ਕਾਂਗਰਸ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਤੇ ਘੱਲੂਘਾਰੇ ਦੌਰਾਨ ਤੋਫਾ ਅਤੇ ਟੈਂਕਾਂ ਦੀ ਵਰਤੋਂ ਕਰਕੇ ਅਕਿਰਤ ਘਣਾ ਵਾਲਾ ਕੰਮ ਕੀਤਾ ਸੀ ਕਿਉਂਕਿ ਭਾਰਤ ਦੇਸ਼ ਦੀ ਆਜ਼ਾਦੀ ਵਿੱਚ ਸਿੱਖਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਜਥੇਦਾਰ ਆਲਮਗੀਰ ਨੇ ਇਤਿਹਾਸ ਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਸਨ 1746 ਦੌਰਾਨ ਕਾਹਨੂੰਵਾਲ ਵਿਖੇ ਅਤੇ ਸੰਨ 1762 ਦੌਰਾਨ ਕੁੱਪਰਹੀੜੇ ਮਲੇਰ ਕੋਟਲੇ ਵਿਖੇ ਹੋਏ ਘੱਲੂਘਾਰੇ ਦੌਰਾਨ ਕੌਮ ਨੇ ਵੱਡਾ ਜਾਨੀ ਨੁਕਸਾਨ ਝੱਲਿਆ ਸੀ। ਗੁਰਦੁਆਰਾ ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ ਨੇ ਦੱਸਿਆ ਕਿ ਮਿਤੀ 5 ਅਤੇ 6 ਜੂਨ ਦੋ ਦਿਨ ਲਗਾਤਾਰ ਸਕਰੀਨ ਤੇ ਸਿੱਖ ਇਤਿਹਾਸ ਚੱਲਦਾ ਰਹੇਗਾ ਅਤੇ 1984 ਦੌਰਾਨ ਹੋਏ ਸ਼ਹੀਦ ਸਿੰਘਾਂ ਸਿੰਘਣੀਆਂ ਬੀਬੀਆਂ ਬੱਚਿਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਜਾਣਗੇ।