ਪਟਿਆਲਾ : ਉੱਤਰੀ ਭਾਰਤ ਦੇ ਪ੍ਰਸਿੱਧ ਅਤੇ ਕਰੋੜਾਂ ਸ਼ਰਧਾਲੂਆਂ ਦੀ ਅਥਾਹ ਸ਼ਰਧਾ ਦੇ ਕੇਂਦਰ ਇਤਿਹਾਸਕ ਮਾਤਾ ਸ਼੍ਰੀ ਕਾਲੀ ਦੇਵੀ ਮੰਦਰ ਵਿਖੇ ਚੱਲ ਰਹੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਅਤੇ ਪੀ.ਆਰ.ਟੀ.ਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਮੰਦਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮੰਦਰ ਕਮੇਟੀ ਦੇ ਉੱਘੇ ਮੈਂਬਰ ਸੀ.ਏ. ਅਜੇ ਅਲੀਪੁਰੀਆ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਦੇ ਕਈ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਆਗੂਆਂ ਨੇ ਚੱਲ ਰਹੇ ਨਿਰਮਾਣ ਕਾਰਜਾਂ ਦੇ ਹਰੇਕ ਹਿੱਸੇ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਕੰਮ ਦੀ ਗੁਣਵੱਤਾ ਵਿੱਚ ਕੋਈ ਵੀ ਸਮਝੌਤਾ ਨਾ ਕਰਨ ਦੀ ਸਖ਼ਤ ਹਦਾਇਤ ਦਿੱਤੀ। ਉਨ੍ਹਾਂ ਕਿਹਾ ਕਿ ਮੰਦਰ ਕਮੇਟੀ ਅਤੇ ਸਰਕਾਰੀ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰ ਰਹੇ ਹਨ ਤਾਂ ਜੋ ਨਿਰਮਾਣ ਕਾਰਜਾਂ ਦੌਰਾਨ ਰੋਜ਼ਾਨਾ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਉਮੀਦ ਜਤਾਈ ਕਿ ਇਹ ਪ੍ਰੋਜੈਕਟ ਪੂਰਾ ਹੋਣ ਨਾਲ ਪਟਿਆਲਾ ਸ਼ਹਿਰ ਦੇ ਧਾਰਮਿਕ ਟੂਰਿਜ਼ਮ ਨੂੰ ਇੱਕ ਵੱਡਾ ਹੁਲਾਰਾ ਮਿਲੇਗਾ। ਅਖੀਰ ਵਿੱਚ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਰਹਿੰਦੇ ਕੰਮਾਂ ਨੂੰ ਦਿਨ-ਰਾਤ ਇੱਕ ਕਰਕੇ ਤੈਅ ਸਮੇਂ ਅੰਦਰ ਨੇਪਰੇ ਚਾੜ੍ਹਿਆ ਜਾਵੇਗਾ।