ਘੜਾਮ/ਸਨੌਰ : ਹਲਕਾ ਸਨੌਰ ਦੇ ਇੰਚਾਰਜ ਅਤੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਅੱਜ ਵੱਖ-ਵੱਖ ਧਾਰਮਿਕ ਸਮਾਗਮਾਂ ਵਿੱਚ ਹਾਜ਼ਰੀ ਲਗਵਾਉਣ ਦੇ ਸਿਲਸਿਲੇ ਤਹਿਤ ਇਤਿਹਾਸਕ ਨਗਰ ਘੜਾਮ ਵਿਖੇ ਸਥਿਤ ਪਵਿੱਤਰ ਅਸਥਾਨ ਧੰਨ-ਧੰਨ ਪੀਰ ਭੀਖਮ ਸ਼ਾਹ ਜੀ ਅਤੇ ਦਰਗਾਹ ਬਾਬਾ ਮਸਤ ਦਿਵਾਨਾ ਬੁੱਲ੍ਹੇ ਸ਼ਾਹ ਜੀ ਵਿਖੇ ਕਰਵਾਏ ਗਏ ਸਾਲਾਨਾ ਬਰਸੀ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਦਰਗਾਹ 'ਤੇ ਨਤਮਸਤਕ ਹੋ ਕੇ ਇਲਾਹੀ ਬਾਣੀ ਦਾ ਆਨੰਦ ਮਾਣਿਆ ਅਤੇ ਗੱਦੀ-ਨਸ਼ੀਨ ਮਹਾਂਪੁਰਖ ਬੀਬੀ ਮਸਤ ਦਿਵਾਨੀ ਭੌਲੂ ਸ਼ਾਹ ਜੀ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਇਲਾਹੀ ਮਹਾਵਾਕਾਂ ਨਾਲ ਸੰਗਤਾਂ ਨੂੰ ਨਿਹਾਲ ਕਰਦੀ ਇਹ ਪਵਿੱਤਰ ਦਰਗਾਹ ਹਮੇਸ਼ਾ ਹੀ ਸਾਂਝੀਵਾਲਤਾ, ਆਪਸੀ ਸ਼ਰਧਾ ਅਤੇ ਅਧਿਆਤਮਿਕ ਸ਼ਾਂਤੀ ਦਾ ਇੱਕ ਮਹਾਨ ਕੇਂਦਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਅਸਥਾਨਾਂ 'ਤੇ ਪਹੁੰਚ ਕੇ ਮਨ ਨੂੰ ਅਸੀਮ ਸਕੂਨ ਮਿਲਦਾ ਹੈ। ਸ. ਹਡਾਣਾ ਨੇ ਦਰਗਾਹ 'ਤੇ ਸੀਸ ਨਿਵਾਉਂਦੇ ਹੋਏ ਸਮੁੱਚੇ ਹਲਕਾ ਸਨੌਰ ਦੀ ਚੜ੍ਹਦੀ ਕਲਾ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ. ਰਣਜੋਧ ਸਿੰਘ ਹਡਾਣਾ ਨੇ ਬਰਸੀ ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਤਿਗੁਰੂ ਸਭ 'ਤੇ ਆਪਣੀ ਮਿਹਰ ਭਰਿਆ ਹੱਥ ਰੱਖਣ ਅਤੇ ਸਾਡੇ ਇਲਾਕੇ ਵਿੱਚ ਆਪਸੀ ਭਾਈਚਾਰਾ, ਪਿਆਰ ਅਤੇ ਸਤਿਕਾਰ ਹਮੇਸ਼ਾ ਇੰਝ ਹੀ ਬਣਿਆ ਰਹੇ। ਇਸ ਮੌਕੇ ਦਰਗਾਹ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।