ਪਾਤੜਾਂ : ਬਲਾਕ ਪਾਤੜਾਂ ਅਧੀਨ ਜਨਗਣਨਾ ਤਹਿਤ ਤਾਇਨਾਤ ਅਧਿਆਪਕਾਂ ਦੀਆਂ ਬੀਐਲਓ ਵਜੋਂ ਦੋਹਰੀਆਂ ਡਿਊਟੀਆਂ ਲਗਾਉਣ ਨੂੰ ਲੈ ਕੇ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ । ਮਾਮਲੇ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਵਫ਼ਦ ਵੱਲੋਂ ਐਸਡੀਐਮ ਪਾਤੜਾਂ ਕਾਲਾ ਰਾਮ ਕਾਂਸਲ ਨਾਲ਼ ਮੀਟਿੰਗ ਦੌਰਾਨ ਦੋਹਰੀਆਂ ਡਿਊਟੀਆਂ ਨੂੰ ਤਰਕਸੰਗਤ ਕਰਨ ਲਈ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਐਸਡੀਐਮ ਨੇ ਮੌਕੇ ਤੇ ਜਨਗਣਨਾ ਤਹਿਤ ਕੰਮ ਕਰ ਰਹੇ ਅਧਿਆਪਕਾਂ ਨੂੰ ਬੀ.ਐਲ.ਓ ਡਿਊਟੀਆਂ ਤੋਂ ਫ਼ਾਰਗ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ। ਰੋਸ ਵਰਕਰ ਕਰ ਰਹੇ ਡੀਟੀਐਫ ਦੇ ਆਗੂਆਂ ਅਤਿੰਦਰਪਾਲ ਘੱਗਾ, ਜਸਪਾਲ ਖਾਂਗ ਅਤੇ ਰਾਜੀਵ ਕੁਮਾਰ ਨੇ ਦੱਸਿਆ ਕਿ ਸੂਬੇ ਭਰ ਵਿੱਚ ਜਨਗਣਨਾ, ਡਰੱਗ ਸਰਵੇ, ਬੀਐਲਓ ਤਹਿਤ ਵੋਟਾਂ ਦੀ ਸੁਧਾਈ, ਐੱਸਆਈਆਰ ਆਦਿ ਕਈ ਕਿਸਮ ਦੀਆਂ ਗੈਰਵਿਦਿਅਕ ਡਿਊਟੀਆਂ ਦਾ ਵੱਡਾ ਭਾਰ ਅਧਿਆਪਕਾਂ ਸਿਰ ਲੱਦਿਆ ਹੋਇਆ ਹੈ ਜਦਕਿ ਅਧਿਆਪਕਾਂ ਦੀ ਮੁੱਖ ਡਿਊਟੀ ਸਕੂਲੀ ਬੱਚਿਆਂ ਨੂੰ ਪੜਾਉਣ ਦਾ ਹੈ। ਇਸ ਤੋਂ ਵੀ ਵੱਧ ਕੇ ਕਈ ਅਧਿਆਪਕਾਂ ਨੂੰ ਅਜਿਹੀਆਂ ਦੋਹਰੀ ਡਿਊਟੀਆਂ ਦੇਣ ਲਈ ਵੀ ਪੱਤਰ ਜਾਰੀ ਕਰ ਦਿੱਤੇ ਜਾਂਦੇ ਹਨ। ਬਲਾਕ ਆਗੂ ਬਲਜਿੰਦਰ ਘੱਗਾ, ਸ਼ੰਕਰ ਸਿੰਘ ਅਤੇ ਗੁਰਧਿਆਨ ਸਿੰਘ ਨੇ ਦੱਸਿਆ ਕਿ ਦਫ਼ਤਰ ਦੀ ਇਸ ਵੱਧਵੀਂ ਕਾਰਵਾਈ ਦੇ ਰੋਸ ਵਿੱਚ ਡੀਟੀਐੱਫ ਦੇ ਸੱਦੇ ਤੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਇਕੱਤਰ ਹੋਏ ਅਧਿਆਪਕਾਂ ਵੱਲੋਂ ਐਸਡੀਐਮ ਦਫ਼ਤਰ ਦੇ ਬਾਹਰ ਸੰਕੇਤਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਜਥੇਬੰਦੀ ਦੇ ਵਫ਼ਦ ਵੱਲੋਂ ਦਿੱਤੇ ਮੰਗ ਪੱਤਰ ਤੇ ਪ੍ਰਸ਼ਾਸਨ ਨਾਲ਼ ਵਿਸਥਾਰੀ ਚਰਚਾ ਕੀਤੀ ਗਈ ਅਤੇ ਦਰਸਾਏ ਮਾਮਲਿਆਂ ਨੂੰ ਹੱਲ ਕਰਨ ਦਾ ਉਹਨਾਂ ਵੱਲੋਂ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ।
ਫੋਟੋ : ਐਸਡੀਐਮ ਦਫਤਰ ਪਾਤੜਾਂ ਵਿਖੇ ਰੋਸ ਪ੍ਰਗਟ ਕਰਦੇ ਹੋਏ ਡੀਟੀਐਫ ਦੇ ਵਰਕਰ।