ਪਾਤੜਾਂ : ਰਾਸ਼ਟਰੀ ਸ਼ਿਵ ਸੈਨਾ ਹਿੰਦ ਦੇ ਮੁੱਖ ਸੇਵਾਦਾਰ ਅਤੇ ਸ਼ਿਵ ਸਾਗਰ ਮਹਾਂਕਾਲੀ ਮੰਦਰ ਖਰੜ ਦੇ ਪ੍ਰਮੁੱਖ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਨਾਤਨ ਧਰਮ ਦੀ ਰੱਖਿਆ ਲਈ ਨਿਰੰਤਰ ਕੰਮ ਕਰ ਰਹੀ ਹੈ। ਪੰਜਾਬ ਵਿੱਚ ਗੈਂਗਸਟਰਵਾਦ, ਅੱਤਵਾਦ ਅਤੇ ਨਸ਼ਾਖੋਰੀ ਨੌਜਵਾਨਾਂ ਦੇ ਭਵਿੱਖ ਲਈ ਗੰਭੀਰ ਚੁਣੌਤੀਆਂ ਹਨ ਜਿਨਾਂ ਖਿਲਾਫ ਸੰਗਠਨ ਵੱਲੋਂ ਲੜਾਈ ਜਾਰੀ ਰਹੇਗੀ। ਨੌਜਵਾਨ ਆਗੂ ਲਲਿਤ ਗੋਇਲ ਹਣੀ ਨੂੰ ਸ਼ਿਵ ਸੈਨਾ ਹਿੰਦ ਉੱਤਰੀ ਭਾਰਤ ਦਾ ਵਾਈਸ ਪ੍ਰਧਾਨ ਲਗਾਉਣ ਅਤੇ ਸੰਗਠਨ ਨਾਲ ਜੁੜੇ ਨੌਜਵਾਨਾਂ ਵਿਪਨ ਕੁਮਾਰ, ਸੰਜੇ ਕੁਮਾਰ, ਗੱਗੀ ਫੌਜੀ, ਦੀਪਕ ਖਾਨ, ਲਾਡੀ ਅਤੇ ਪਰਗਟ ਸਿੰਘ ਆਦਿ ਦਾ ਸਨਮਾਨ ਕਰਨ ਨੂੰ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿੰਦੂ ਆਗੂ ਨਿਸ਼ਾਤ ਸ਼ਰਮਾ ਨੇ ਕਿਹਾ ਕਿ ਜੇਕਰ ਸੂਬੇ ਵਿੱਚ ਉਦਯੋਗਾਂ ਦਾ ਵਿਸਥਾਰ ਹੁੰਦਾ ਅਤੇ ਨੌਜਵਾਨਾਂ ਨੂੰ ਵੱਧ ਰੁਜ਼ਗਾਰ ਦੇ ਮੌਕੇ ਮਿਲਦੇ ਤਾਂ ਬਹੁਤ ਸਾਰੇ ਨੌਜਵਾਨ ਅਪਰਾਧ ਦੇ ਰਸਤੇ ਵੱਲ ਨਾ ਜਾਂਦੇ। ਉਨ੍ਹਾਂ ਕਿਹਾ ਕਿ ਵਪਾਰੀਆਂ, ਸਮਾਜ ਸੇਵੀਆਂ ਅਤੇ ਆਮ ਨਾਗਰਿਕਾਂ ਨੂੰ ਮਿਲ ਰਹੀਆਂ ਧਮਕੀਆਂ ਨਿਵੇਸ਼ ਅਤੇ ਉਦਯੋਗਿਕ ਵਿਕਾਸ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਨਿਸ਼ਾਂਤ ਸ਼ਰਮਾ ਨੇ ਵਿਸ਼ਵਾਸ ਜਤਾਇਆ ਕਿ ਪੰਜਾਬ ਪੁਲਿਸ ਸੂਬੇ ਵਿੱਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਵਿੱਚ ਸਮਰੱਥ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਭਾਈਚਾਰਕ ਸਾਂਝ ਕਾਇਮ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸੰਗਠਨ ਲੰਬੇ ਸਮੇਂ ਤੋਂ ਗਊ ਤਸਕਰੀ ਰੋਕਣ, ਗੌਵੰਸ਼ ਦੀ ਰੱਖਿਆ ਕਰਨ ਅਤੇ ਗੈਰ-ਕਾਨੂੰਨੀ ਬੁੱਚੜਖਾਨਿਆਂ ਖ਼ਿਲਾਫ਼ ਮੁਹਿੰਮ ਚਲਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੰਗਠਨ ਨੇ ਸਮੇਂ-ਸਮੇਂ 'ਤੇ ਸੈਂਕੜਿਆਂ ਗੌਵੰਸ਼ਾਂ ਨੂੰ ਬਚਾਉਣ ਅਤੇ ਕਈ ਗੈਰ-ਕਾਨੂੰਨੀ ਗਤੀਵਿਧੀਆਂ ਦਾ ਪਰਦਾਫਾਸ਼ ਕਰਨ ਦਾ ਕੰਮ ਕੀਤਾ ਹੈ। ਇਸ ਦੌਰਾਨ ਨੌਜਵਾਨ ਆਗੂ ਲਲਿਤ ਕੁਮਾਰ ਹਨੀ ਨੇ ਵਿਸ਼ਵਾਸ ਦਵਾਇਆ ਕਿ ਉਹ ਸੰਸਥਾ ਲਈ ਦਿਨ ਰਾਤ ਕੰਮ ਕਰਨਗੇ।