ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਮਤੀ ਵੱਲੋਂ ਨਵੇਂ ਚੁਣੇ ਗਏ ਵਾਰਡਾਂ ਦੇ ਕੌਂਸਲਰਾਂ ਦਾ ਵਿਸ਼ੇਸ਼ ਸਨਮਾਨ
June 03, 2026 06:51 PM

Rozana Sehaj times
ਕੋਟਕਪੂਰਾ : ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਸਮਾਜ ਸੇਵੀ ਸੰਸਥਾ ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਮਤੀ ਅਤੇ ਵੈਲਫੇਅਰ ਸੁਸਾਇਟੀ ਵੱਲੋਂ ਮੰਗਲਵਾਰ ਸ਼ਾਮ ਨੂੰ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਚੇਅਰਮੈਨ ਦੀਪਕ ਗੋਇਲ ਅਤੇ ਪ੍ਰਧਾਨ ਕਰਨ ਗੋਇਲ ਠੇਕੇਦਾਰ ਨੇ ਦੱਸਿਆ ਕਿ ਲੰਗਰ ਦੀ ਸੇਵਾ ਰਾਜੇਸ਼ ਕੁਮਾਰ ਗੁਪਤਾ (ਐਲ.ਆਈ.ਸੀ. ਵਾਲੇ) ਦੇ ਪਰਿਵਾਰ ਵੱਲੋਂ ਬੜੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਨਿਭਾਈ ਗਈ, ਜਿਸ ਵਿੱਚ ਹਾਜ਼ਰ ਸੰਗਤਾਂ ਨੂੰ ਬੜੇ ਚਾਅ ਨਾਲ ਆਲੂ-ਪੂਰੀ ਅਤੇ ਜਲਜੀਰੇ ਦਾ ਲੰਗਰ ਛਕਾਇਆ ਗਿਆ। ਇਸ ਪਾਵਨ ਅਵਸਰ ’ਤੇ ਭਗਵਾਨ ਸ਼੍ਰੀ ਬਾਲਾ ਜੀ ਦਾ ਆਸ਼ੀਰਵਾਦ ਲੈਣ ਅਤੇ ਸੁਸਾਇਟੀ ਦੇ ਇਸ ਨੇਕ ਕਾਰਜ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਆਉਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਕੌਂਸਲਰ ਸੁਤੰਤਰ ਜੋਸ਼ੀ, ਕੌਂਸਲਰ ਨਿੱਪੀ ਜੋਸ਼ੀ, ਕੌਂਸਲਰ ਅਨੰਤਦੀਪ ਸਿੰਘ (ਰੋਮਾ ਬਰਾੜ) ਅਤੇ ਕੌਂਸਲਰ ਆਸ਼ੂ ਗਰਗ ਗੱਪਾ ਸ਼ਾਮਲ ਸਨ। ਇਸ ਮੌਕੇ ਹਾਜ਼ਰ ਕੌਂਸਲਰਾਂ ਨੇ ਸੁਸਾਇਟੀ ਦੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਸਾਇਟੀ ਸਮਾਜ ਭਲਾਈ ਅਤੇ ਧਾਰਮਿਕ ਕਾਰਜਾਂ ਵਿੱਚ ਜਿੱਥੇ ਵੀ ਸਾਡੀ ਡਿਊਟੀ ਲਗਾਏਗੀ, ਅਸੀਂ ਜਨ ਸੇਵਾ ਲਈ ਹਰ ਵੇਲੇ ਹਾਜ਼ਰ ਅਤੇ ਤਤਪਰ ਹਾਂ। ਸਮਾਗਮ ਦੌਰਾਨ ਸ਼੍ਰੀ ਬਾਲਾ ਜੀ ਲੰਗਰ ਸੇਵਾ ਕਮੇਟੀ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕਰਨ ਗੋਇਲ, ਚੇਅਰਮੈਨ ਦੀਪਕ ਗੋਇਲ, ਸੁਸ਼ਾਂਤ ਬਾਂਸਲ, ਵਿਸ਼ਾਲ ਚੋਪੜਾ ਅਤੇ ਦਰਪਣ ਚੋਪੜਾ ਨੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਰੇ ਕੌਂਸਲਰਾਂ ਅਤੇ ਪਤਵੰਤੇ ਸੱਜਣਾਂ ਨੂੰ ’ਸਿਰੋਪਾਓ’ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਧੰਨਵਾਦ ਪ੍ਰਗਟਾਇਆ। ਇਸ ਮੌਕੇ ਸੁਸਾਇਟੀ ਦੇ ਹੋਰ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਹਾਜ਼ਰ ਸਨ।
Have something to say? Post your comment