ਕੋਟਕਪੂਰਾ : ਇੰਟਰਨੈਸ਼ਨਲ ਸਮਾਜ ਸੇਵੀ ਸੰਸਥਾ ‘ਯੂਨਾਈਟਿਡ ਇੰਟਰਨੈਸ਼ਨਲ ਕਲੱਬਜ਼’ ਦੀ ਕੋਟਕਪੂਰਾ ਯੂਨਿਟ ਦੇ ਨਵ-ਨਿਯੁਕਤ ਪ੍ਰਧਾਨ ਸਤੀਸ਼ ਸ਼ਰਮਾ ਵੱਲੋਂ ਸੇਠ ਕੇਦਾਰਨਾਥ ਦੀ ਧਰਮਸ਼ਾਲਾ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਆਪਣੀ ਨਵੀਂ ਕਾਰਜਕਾਰਨੀ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਯੂਨਿਟ ਕੋਟਕਪੂਰਾ ਦੇ ਨਵ-ਨਿਯੁਕਤ ਪ੍ਰਧਾਨ ਸਤੀਸ਼ ਸ਼ਰਮਾ ਨੇ ਦੱਸਿਆ ਕਿ ਸੰਸਥਾ ਦੇ ਇੰਟਰਨੈਸ਼ਨਲ ਪ੍ਰਧਾਨ ਚਰਨ ਦਾਸ ਗਰਗ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ, ਸੰਸਥਾ ਦੀ ਮਜ਼ਬੂਤੀ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਬਸੰਮਤੀ ਨਾਲ ਲਏ ਗਏ ਫੈਸਲੇ ਅਨੁਸਾਰ ਚਰਨਜੀਤ ਸਿੰਘ ਨੂੰ ਪਹਿਲਾ ਉਪ-ਪ੍ਰਧਾਨ ਅਤੇ ਪਵਨ ਭਾਰਤੀ ਨੂੰ ਦੂਜਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੰਸਥਾ ਦੇ ਪ੍ਰਸ਼ਾਸਨਿਕ ਕੰਮਾਂ ਦੀ ਜ਼ਿੰਮੇਵਾਰੀ ਚੰਦਰ ਗਰਗ ਨੂੰ ਬਤੌਰ ਜਨਰਲ ਸਕੱਤਰ ਅਤੇ ਗਗਨ ਆਹੂਜਾ ਨੂੰ ਸਕੱਤਰ ਵਜੋਂ ਸੌਂਪੀ ਗਈ ਹੈ। ਸੰਸਥਾ ਦੇ ਵਿੱਤੀ ਮਾਮਲਿਆਂ ਦੀ ਦੇਖਭਾਲ ਲਈ ਕਮਲ ਕਟਾਰੀਆ ਨੂੰ ਕੈਸ਼ੀਅਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਸੰਸਥਾ ਦੇ ਮਾਰਗਦਰਸ਼ਕ ਵਜੋਂ ਰਾਜ ਕੁਮਾਰ ਅਗਰਵਾਲ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਨੇ ਪ੍ਰਣ ਲਿਆ ਕਿ ਕਲੱਬ ਹਮੇਸ਼ਾ ਦੀ ਤਰ੍ਹਾਂ ਸਮਾਜ ਭਲਾਈ ਅਤੇ ਜਨਹਿਤ ਦੇ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਰਹੇਗਾ ਅਤੇ ਜਲਦ ਹੀ ਨਵੇਂ ਸੇਵਾ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਕਲੱਬ ਦੇ ਸਮੂਹ ਮੈਂਬਰਾਂ ਨੇ ਨਵੀਂ ਟੀਮ ਨੂੰ ਵਧਾਈ ਦਿੰਦੇ ਹੋਏ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸਾਬਕਾ ਯੂਨਿਟ ਪ੍ਰਧਾਨ ਰਾਕੇਸ਼ ਗਰਗ, ਸਤਨਾਮ ਸਿੰਘ ਖੱਬੂ, ਵਿਨੋਦ ਖੇਮਕਾ, ਸ਼ਿਵ ਓਮ ਨਾਥ, ਮਨਵੀਰ ਰੰਗਾ, ਮੋਹਿਤ ਮਹਿਤਾ ਅਤੇ ਸੁਰੇਸ਼ ਗਰਗ ਆਦਿ ਵੀ ਹਾਜ਼ਰ ਸਨ।