ਅੰਮ੍ਰਿਤਸਰ : ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਡੀਸੀ ਦਫ਼ਤਰ ਅੰਮ੍ਰਿਤਸਰ ਅੱਗੇ ਡੀਜ਼ਲ, ਪੈਟਰੋਲ, ਗੈਸ ਅਤੇ ਖਾਦਾਂ ਦੀਆਂ ਵਧਦੀਆਂ ਕੀਮਤਾਂ ਅਤੇ ਕਿੱਲਤ ਨੂੰ ਲੈ ਕੇ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਡੀਸੀ ਦੇ ਨਾਮ ਇੱਕ ਮੰਗ ਪੱਤਰ ਡੀ.ਆਰ.ਓ. ਨਵਕੀਰਤ ਸਿੰਘ ਰੰਧਾਵਾ ਨੂੰ ਸੌਂਪਿਆ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ, ਸੁੱਚਾ ਸਿੰਘ ਕਾਮਰੇਡ, ਜਤਿੰਦਰ ਸਿੰਘ ਛੀਨਾ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਆਰਥਿਕ ਮੰਦਹਾਲੀ ਵੱਲ ਜਾ ਰਿਹਾ ਹੈ ਅਤੇ ਇਸ ਦਾ ਸਾਰਾ ਬੋਝ ਆਮ ਜਨਤਾ 'ਤੇ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਵਿੱਢੀ ਜੰਗ ਕਾਰਨ ਕੱਚੇ ਤੇਲ ਅਤੇ ਐਲ.ਪੀ.ਜੀ. ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਭਾਰਤ ਸਰਕਾਰ ਜੰਗੀ ਅਪਰਾਧੀ ਸਾਮਰਾਜੀ ਮੁਲਕਾਂ ਦੇ ਨਾਲ ਖੜ੍ਹੀ ਹੈ, ਜਿਸ ਕਰਕੇ ਦੇਸ਼ ਵਿੱਚ ਤੇਲ ਤੇ ਗੈਸ ਦਾ ਸੰਕਟ ਗਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਜਦੋਂ ਕੱਚਾ ਤੇਲ ਸਸਤਾ ਸੀ, ਉਦੋਂ ਤੇਲ ਕੰਪਨੀਆਂ ਨੇ 30 ਤੋਂ 40 ਲੱਖ ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ, ਪਰ ਹੁਣ ਮਾਮੂਲੀ ਕੀਮਤ ਵਧਣ 'ਤੇ ਬੋਝ ਜਨਤਾ ਸਿਰ ਪਾ ਦਿੱਤਾ ਗਿਆ ਹੈ। ਸਰਕਾਰ ਨੂੰ ਕਾਰਪੋਰੇਟਾਂ 'ਤੇ ਵੱਧ ਟੈਕਸ ਲਾ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਆਗੂਆਂ ਨੇ ਦੇਸ਼ ਵਿੱਚ ਯੂਰੀਆ ਤੇ ਡੀ.ਏ.ਪੀ. ਖਾਦ ਦੀ ਕਿੱਲਤ, ਭਾਖੜਾ ਬਿਆਸ ਪ੍ਰਬੰਧਕ ਬੋਰਡ (BBMB) ਵਿੱਚ ਪੰਜਾਬ ਦੀ ਸਥਾਈ ਮੈਂਬਰਸ਼ਿਪ ਬਹਾਲ ਕਰਨ, ਸੇਵਾ ਕੇਂਦਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਅਤੇ ਕਾਮਰੇਡ ਜਗਤਾਰ ਮਹਿਲਾ ਦੇ ਪਰਿਵਾਰ 'ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਕਸ਼ਮੀਰ ਸਿੰਘ ਧੰਗਈ, ਰਤਨ ਸਿੰਘ ਰੰਧਾਵਾ, ਸਵਿੰਦਰ ਸਿੰਘ ਮੀਰਾਕੋਟ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।