ਅੰਮ੍ਰਿਤਸਰ : ਫੋਰਟਿਸ ਐਸਕੋਰਟਸ ਹਸਪਤਾਲ ਅੰਮ੍ਰਿਤਸਰ ਦੇ ਡਾਕਟਰਾਂ ਨੇ 76 ਸਾਲਾ ਬਜ਼ੁਰਗ ਦਾ ਦੁਰਲੱਭ ਅਤੇ ਉੱਚ ਖਤਰੇ ਵਾਲੇ "ਜਾਇੰਟ ਐਬਡੋਮਿਨਲ ਹਰਨੀਆ" ਦਾ ਸਫਲ ਇਲਾਜ ਕਰਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਮਰੀਜ਼ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦਾ ਵਸਨੀਕ ਹੈ ਅਤੇ ਕਈ ਸਾਲਾਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਡਾਕਟਰਾਂ ਮੁਤਾਬਕ 2024 ਵਿੱਚ ਆਂਤਾਂ ਦੇ ਗੰਭੀਰ ਇਨਫੈਕਸ਼ਨ ਤੋਂ ਬਾਅਦ ਮਰੀਜ਼ ਦੀਆਂ ਕਈ ਸਰਜਰੀਆਂ ਹੋਈਆਂ ਸਨ। ਇਸ ਕਾਰਨ ਉਸ ਦੀ ਪੇਟ ਦੀ ਕੰਧ ਬਹੁਤ ਕਮਜ਼ੋਰ ਹੋ ਗਈ ਸੀ ਅਤੇ ਪੇਟ ਦੇ ਅੰਗ ਬਾਹਰ ਵੱਲ ਨਿਕਲ ਆਏ ਸਨ। ਮਰੀਜ਼ ਨੂੰ ਸਾਹ ਲੈਣ, ਤੁਰਨ-ਫਿਰਨ ਅਤੇ ਰੋਜ਼ਾਨਾ ਦੇ ਕੰਮ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਕਈ ਹਸਪਤਾਲਾਂ ਨੇ ਕੇਸ ਦੀ ਜਟਿਲਤਾ ਦੇ ਚਲਦੇ ਸਰਜਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਫੋਰਟਿਸ ਵਿੱਚ ਡਾ. ਅਰੁਣ ਕੇ. ਸ਼ਰਮਾ ਦੀ ਅਗਵਾਈ ਹੇਠ ਮਲਟੀ-ਡਿਸ਼ਪਲਿਨਰੀ ਟੀਮ ਨੇ ਐਡਵਾਂਸਡ ਐਬਡੋਮਿਨਲ ਵਾਲ ਰੀਕੰਸਟਰਕਸ਼ਨ ਸਰਜਰੀ ਕਰਨ ਦਾ ਫੈਸਲਾ ਲਿਆ। ਲਗਭਗ ਸਾਢੇ ਤਿੰਨ ਘੰਟੇ ਚੱਲੀ ਇਸ ਜਟਿਲ ਸਰਜਰੀ ਦੌਰਾਨ ਪੇਟ ਦੀ ਕੰਧ ਨੂੰ ਮੁੜ ਤਿਆਰ ਕੀਤਾ ਗਿਆ ਅਤੇ ਉਸ ਦੀ ਕਾਰਗੁਜ਼ਾਰੀ ਬਹਾਲ ਕੀਤੀ ਗਈ। ਸਰਜਰੀ ਤੋਂ ਬਾਅਦ ਮਰੀਜ਼ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਆਇਆ ਅਤੇ ਚਾਰ ਦਿਨਾਂ ਅੰਦਰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਉਹ ਆਰਾਮ ਨਾਲ ਤੁਰ-ਫਿਰ ਸਕਦਾ ਹੈ ਅਤੇ ਆਮ ਜੀਵਨ ਵੱਲ ਵਾਪਸ ਲੌਟ ਰਿਹਾ ਹੈ।