ਲੁਧਿਆਣਾ : ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ ਦੀ ਐਨ.ਐਸ.ਐਸ. ਯੂਨਿਟ ਵੱਲੋਂ ਵਾਤਾਵਰਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਐਨ.ਐਸ.ਐਸ. ਵਲੰਟੀਅਰਾਂ ਨੇ ਗ੍ਰਾਮ ਪੰਚਾਇਤ ਬੇਰੀ ਕਲੋਨੀ ਚੌਹਾਨ ਨਗਰ, ਲੁਧਿਆਣਾ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਵਾਤਾਵਰਨ ਸੰਭਾਲ, ਰੁੱਖ ਲਗਾਉਣ ਅਤੇ ਸਾਫ਼-ਸੁਥਰੇ ਆਲੇ-ਦੁਆਲੇ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਹ ਮੁਹਿੰਮ ਕਾਲਜ ਦੇ ਮਾਨਯੋਗ ਪ੍ਰਿੰਸੀਪਲ ਪ੍ਰੋ. (ਡਾ.) ਗੁਰਸ਼ਰਨਜੀਤ ਸਿੰਘ ਸੰਧੂ ਦੀ ਯੋਗ ਅਗਵਾਈ ਅਤੇ ਰਹਿਨੁਮਾਈ ਹੇਠ ਆਯੋਜਿਤ ਕੀਤੀ ਜਾ ਰਹੀ ਹੈ। ਸਮਾਗਮ ਦੌਰਾਨ ਪਿੰਡ ਦੇ ਮਾਨਯੋਗ ਸਰਪੰਚ ਸ. ਦਲਜੀਤ ਸਿੰਘ ਅਤੇ ਪੰਚਾਇਤ ਮੈਂਬਰਾਂ ਨੂੰ ਵਾਤਾਵਰਨ ਸੰਭਾਲ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੇ ਸਨਮਾਨ ਵਜੋਂ ਪੌਦੇ ਭੇਟ ਕੀਤੇ ਗਏ। ਇਹ ਉਪਰਾਲਾ ਹਰਿਆਲੀ ਅਤੇ ਵਾਤਾਵਰਨ ਸੁਰੱਖਿਆ ਪ੍ਰਤੀ ਸਾਂਝੀ ਜ਼ਿੰਮੇਵਾਰੀ ਦਾ ਪ੍ਰਤੀਕ ਬਣਿਆ। ਐਨ.ਐਸ.ਐਸ. ਅਫ਼ਸਰ ਡਾ. ਸੌਰਭ ਕੁਮਾਰ ਨੇ ਵਲੰਟੀਅਰਾਂ ਦਾ ਹੌਸਲਾ ਵਧਾਉਂਦਿਆਂ ਉਨ੍ਹਾਂ ਨੂੰ ਸਮਾਜ ਅਤੇ ਵਾਤਾਵਰਨ ਦੀ ਭਲਾਈ ਲਈ ਇਸੇ ਤਰ੍ਹਾਂ ਸਰਗਰਮ ਰਹਿਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਭਾਗੀਦਾਰੀ ਨਾਲ ਹੀ ਵਾਤਾਵਰਨ ਸੁਰੱਖਿਆ ਦੇ ਉਦੇਸ਼ਾਂ ਨੂੰ ਸਫਲਤਾਪੂਰਵਕ ਹਾਸਲ ਕੀਤਾ ਜਾ ਸਕਦਾ ਹੈ।