ਸਮਾਣਾ : ਸ਼ਿਵ ਮੰਦਰ ਅਤੇ ਧਰਮਸ਼ਾਲਾ ਪ੍ਰਬੰਧਕ ਕਮੇਟੀ, ਕ੍ਰਿਸ਼ਨਾ ਬਸਤੀ, ਬੱਸ ਅੱਡਾ ਰੋਡ ਸਮਾਣਾ ਵੱਲੋਂ ਕਮੇਟੀ ਦੇ ਪ੍ਰਧਾਨ ਅਮਰ ਗੋਇਲ ਦੀ ਅਗਵਾਈ ਹੇਠ ਕਰਵਾਇਆ ਗਿਆ ਸੱਤ ਰੋਜ਼ਾ ਸ਼੍ਰੀਮਦ ਭਾਗਵਤ ਕਥਾ ਮਹੋਤਸਵ ਸ਼ਰਧਾ, ਭਗਤੀ ਅਤੇ ਆਧਿਆਤਮਿਕ ਉਤਸ਼ਾਹ ਦੇ ਮਾਹੌਲ ਵਿੱਚ ਸੰਪੰਨ ਹੋ ਗਿਆ। ਕਥਾ ਦੇ ਸਮਾਪਤੀ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਧਰਮ ਲਾਭ ਪ੍ਰਾਪਤ ਕੀਤਾ। ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਅਮਰ ਗੋਇਲ ਨੇ ਸ਼੍ਰੀਮਦ ਭਾਗਵਤ ਮਹਾਪੁਰਾਣ ਦੇ ਵੱਖ-ਵੱਖ ਪ੍ਰਸੰਗਾਂ ਦਾ ਭਾਵਪੂਰਨ ਵਰਣਨ ਕਰਦਿਆਂ ਸ਼ਰਧਾਲੂਆਂ ਨੂੰ ਧਰਮ, ਕਰਮ, ਭਗਤੀ ਅਤੇ ਮਨੁੱਖੀ ਜੀਵਨ ਦੇ ਆਦਰਸ਼ਾਂ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਧ੍ਰੁਵ ਚਰਿੱਤਰ, ਪ੍ਰਹਿਲਾਦ ਭਗਤੀ, ਗਜੇਂਦਰ ਮੋਖਸ਼, ਸਮੁੰਦਰ ਮੰਥਨ, ਸ਼੍ਰੀ ਕ੍ਰਿਸ਼ਨ ਜਨਮ ਉਤਸਵ, ਗੋਵਰਧਨ ਪੂਜਾ, ਰਾਸਲੀਲਾ ਅਤੇ ਸੁਦਾਮਾ ਚਰਿੱਤਰ ਸਮੇਤ ਕਈ ਪ੍ਰਸੰਗਾਂ ਦਾ ਮਾਰਮਿਕ ਵਰਣਨ ਕੀਤਾ। ਕਥਾ ਦੌਰਾਨ ਸ਼ਰਧਾਲੂ ਭਜਨਾਂ ਅਤੇ ਕੀਰਤਨ 'ਤੇ ਭਾਵ-ਵਿਭੋਰ ਹੋ ਕੇ ਝੂਮ ਉੱਠੇ। ਭਾਗਵਤ ਕਥਾ ਦੇ ਸ੍ਰਵਣ ਨਾਲ ਮਨੁੱਖ ਦੇ ਪਾਪਾਂ ਦਾ ਨਾਸ ਹੁੰਦਾ ਹੈ, ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਸਮਾਜ ਵਿੱਚ ਪਿਆਰ, ਭਾਈਚਾਰੇ ਅਤੇ ਸਦਭਾਵਨਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਭਾਰਤੀ ਸਭਿਆਚਾਰ ਅਤੇ ਸਨਾਤਨ ਪਰੰਪਰਾਵਾਂ ਨਾਲ ਜੁੜਨ ਦਾ ਸੱਦਾ ਵੀ ਦਿੱਤਾ। ਕਥਾ ਸਮਾਪਤੀ ਤੋਂ ਬਾਅਦ ਸ਼ਰਧਾਲੂਆਂ ਲਈ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸਾਦ ਗ੍ਰਹਿਣ ਕਰਕੇ ਪੁੰਨ ਪ੍ਰਾਪਤ ਕੀਤਾ।