ਲੁਧਿਆਣਾ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਵਿੱਚ ਮੁੜ ਸੱਤਾ ਵਿੱਚ ਵਾਪਸੀ ਕਰੇਗੀ। ਵੜਿੰਗ, ਜਿਹੜੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਵੀ ਹਨ, ਅੱਜ ਇੱਥੇ ਆਪਣੇ ਸਾਥੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲੇ, ਜੋ ਖੇਤੀਬਾੜੀ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਵੀ ਹਨ ਅਤੇ ਪੀਏਯੂ ਦੇ ਦੌਰੇ 'ਤੇ ਆਏ ਵਫ਼ਦ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ਵੜਿੰਗ ਨੇ ਸਥਾਨਕ ਸੀਨੀਅਰ ਆਗੂਆਂ ਦੇ ਨਾਲ ਪੀਏਯੂ ਕੈਂਪਸ ਵਿੱਚ ਚੰਨੀ ਦਾ ਸਵਾਗਤ ਕੀਤਾ। ਉਨ੍ਹਾਂ ਜ਼ੋਰ ਦਿੰਦਿਆਂ, ਕਿਹਾ ਕਿ ਉਹ ਖੁਦ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਸਾਰੇ ਆਗੂ ਇਕੱਠੇ ਹਨ ਤੇ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣਗੇ। ਸੂਬਾ ਕਾਂਗਰਸ ਪ੍ਰਧਾਨ ਨੇ ਚੰਨੀ ਨੂੰ ਇੱਕ ਵਿਸਥਾਰ ਸਹਿਤ ਮੰਗ ਪੱਤਰ ਸੌਂਪਦਿਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ ਖੋਜ ਕਾਰਜਾਂ ਵਾਸਤੇ ਯਕਮੁਸ਼ਤ 1000 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਅਤੇ ਇਸ ਤੋਂ ਇਲਾਵਾ, ਹਰ ਸਾਲ 50 ਤੋਂ 60 ਕਰੋੜ ਰੁਪਏ ਦੀ ਨਿਯਮਤ ਗਰਾਂਟ ਦੇਣ ਦੀ ਮੰਗ ਕੀਤੀ। ਜਦਕਿ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਸਬੰਧੀ ਦਾਅਵਿਆਂ ਬਾਰੇ ਪੁੱਛੇ ਜਾਣ 'ਤੇ ਵੜਿੰਗ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਹਮੇਸ਼ਾ ਸੱਤਾਧਾਰੀ ਪਾਰਟੀ ਇਹ ਚੋਣਾਂ ਜਿੱਤਦੀ ਰਹੀ ਹੈ, ਲੇਕਿਨ ਬਾਅਦ ਵਿੱਚ ਵਿਧਾਨ ਸਭਾ ਚੋਣਾਂ ਹਾਰ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨਿਯਮਿਤ ਤੌਰ 'ਤੇ ਮਸਜਿਦ ਅਤੇ ਇਮਾਮ ਸਾਹਿਬ ਨੂੰ ਮਿਲਦੇ ਰਹਿੰਦੇ ਹਨ, ਪਰ ਈਦ ਵਾਲੇ ਦਿਨ ਉਹ ਹੋਰ ਰੁਝੇਵਿਆਂ ਕਾਰਨ ਨਹੀਂ ਪਹੁੰਚ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਜੱਸੀ ਖੰਗੂੜਾ, ਸੁਰਿੰਦਰ ਡਾਵਰ, ਕੁਲਦੀਪ ਸਿੰਘ ਵੈਦ, ਪਵਨ ਦੀਵਾਨ, ਸੰਜੇ ਤਲਵਾੜ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਰਹੇ।