ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਵਾਸਤੇ ਨਿਰਮਲ ਕੁਟੀਆ ਜੋਹਲਾਂ (ਜਲੰਧਰ) ਵੱਲੋਂ ਵੱਡੀ ਤਾਦਾਦ ਵਿੱਚ ਕਣਕ ਦੀ ਰਸਦ ਲੈ ਕੇ ਸੰਗਤਾਂ ਦਾ ਜੱਥਾ ਪਹੁੰਚਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਤ ਬਾਬਾ ਜੀਤ ਸਿੰਘ ਜੀ ਜੋਹਲਾਂ ਵਾਲਿਆਂ ਦੀ ਅਗਵਾਈ ਵਿੱਚ ਸੰਗਤਾਂ ਗੁਰੂ ਘਰ ਦੇ ਲੰਗਰ ਲਈ ਇਹ ਸੇਵਾ ਲੈ ਕੇ ਹਾਜ਼ਰ ਹੋਈਆਂ। ਇਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੇਜਰ ਸਿੰਘ ਨੇ ਸੰਗਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਤ ਬਾਬਾ ਜੀਤ ਸਿੰਘ ਜੀ ਹਰ ਸਾਲ ਸੰਗਤਾਂ ਸਮੇਤ ਬਹੁਤ ਵੱਡੀ ਮਾਤਰਾ ਵਿੱਚ ਕਣਕ ਦੀ ਰਸਦ ਲੈ ਕੇ ਗੁਰੂ ਕੇ ਲੰਗਰ ਵਿਖੇ ਪੁੱਜਦੇ ਹਨ। ਉਨ੍ਹਾਂ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਆਈਆਂ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ ਅਤੇ ਬਾਬਾ ਜੀ ਨੂੰ ਚੜ੍ਹਦੀ ਕਲਾ ਬਖਸ਼ਣ।
ਬਾਬਾ ਜੀ ਨੇ ਕਿਹਾ ਕਿ ਜਿੱਥੇ ਗੁਰੂ ਕੇ ਲੰਗਰਾਂ ਵਿੱਚ ਲੱਖਾਂ ਸੰਗਤਾਂ ਅਤੇ ਲੋੜਵੰਦ ਪੇਟ ਭਰਦੇ ਹਨ, ਉੱਥੇ ਹੀ ਇੱਥੇ ਨਾਮ-ਬਾਣੀ ਦਾ ਅਟੁੱਟ ਲੰਗਰ ਵੀ 24 ਘੰਟੇ ਚੱਲਦਾ ਹੈ। ਉਨ੍ਹਾਂ ਸੰਗਤ ਨੂੰ ਅੰਮ੍ਰਿਤ ਵੇਲੇ ਜਾਗਣ, ਇਸ਼ਨਾਨ ਕਰਨ, ਗੁਰਬਾਣੀ ਪੜ੍ਹਨ ਅਤੇ ਸਿਮਰਨ ਕਰਨ ਦੀ ਪ੍ਰੇਰਨਾ ਦਿੱਤੀ, ਜਿਸ ਨਾਲ ਕਰੋੜਾਂ ਦੁੱਖ ਦੂਰ ਹੁੰਦੇ ਹਨ। ਉਨ੍ਹਾਂ ਸਭ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਅਤੇ ਮਨੁੱਖਾ ਜਨਮ ਸਫਲਾ ਕਰਨ ਦੀ ਅਪੀਲ ਕੀਤੀ ਅਤੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸੰਤ ਜੀਤ ਸਿੰਘ ਨਿਰਮਲ ਕੁਟੀਆ ਜੋਹਲਾਂ ਵਾਲੇ ਸਾਧੂ ਜਨ ਹਰਪਾਲ ਸਿੰਘ ਬਲਵਿੰਦਰ ਸਿੰਘ ਜਸਪ੍ਰੀਤ ਸਿੰਘ ਸਤਿਆਪਾਲ ਸਿੰਘ ਪਰਮਜੀਤ ਸਿੰਘ ਸੁਖਬੀਰ ਸਿੰਘ ਕੁਲਦੀਪ ਸਿੰਘ ਜੋਗਾ ਸਿੰਘ ਦਲਜੀਤ ਸਿੰਘ ਫਕੀਰ ਸਿੰਘ ਅਤੇ ਹੋਰ ਵੀ ਸੇਵਾਦਾਰ ਮੌਜੂਦ ਸਨ।