ਦੇਵੀਗੜ੍ਹ : ਮਿਸਲ ਸਤਲੁਜ ਦੇ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਸਨੌਰ ਦੀ ਇੰਚਾਰਜ ਬੀਬੀ ਜਸਮੀਤ ਕੌਰ ਛੀਨਾ ਨੇ ਅੱਜ ਸਨੌਰ ਪ੍ਰੈਸ ਕਲੱਬ ਦੇ ਵਿਸ਼ੇਸ਼ ਸੱਦੇ ਤੇ ਸਮਾਗਮ ਵਿੱਚ ਹਾਜ਼ਰੀ ਭਰੀ। ਇਸ ਮੌਕੇ ਸਨੌਰ ਪ੍ਰੈਸ ਕਲੱਬ ਵੱਲੋਂ ਆਯੋਜਿਤ ਖੂਨਦਾਨ ਅਤੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਵਿੱਚ ਸ਼ਮੂਲੀਅਤ ਕਰਦਿਆਂ ਉਨ੍ਹਾਂ ਨੇ ਖੂਨਦਾਨੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਖੂਨਦਾਨ ਮਹਾਦਾਨ ਹੈ, ਜੋ ਲੋੜਵੰਦਾਂ ਲਈ ਨਵੀਂ ਜ਼ਿੰਦਗੀ ਦਾ ਸਬੱਬ ਬਣਦਾ ਹੈ। ਬੀਬੀ ਛੀਨਾ ਨੇ ਕਿਹਾ ਕਿ ਅਜਿਹੇ ਸਮਾਜਿਕ ਅਤੇ ਲੋਕ ਭਲਾਈ ਦੇ ਉਪਰਾਲੇ ਸਮਾਜ ਵਿੱਚ ਸੇਵਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਕੈਂਪ ਦੇ ਸਫ਼ਲ ਆਯੋਜਨ ਲਈ ਸਨੌਰ ਪ੍ਰੈਸ ਕਲੱਬ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਬੀਬੀ ਜਸਮੀਤ ਕੌਰ ਛੀਨਾ ਵੱਲੋਂ ਸਨੌਰ ਪ੍ਰੈਸ ਕਲੱਬ ਦੀ ਨਵੀਂ ਵੈੱਬਸਾਈਟ ਵੀ ਰਸਮੀ ਤੌਰ 'ਤੇ ਲਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਵਿੱਚ ਜਾਣਕਾਰੀ ਦੇ ਤੇਜ਼ ਅਤੇ ਪ੍ਰਭਾਵਸ਼ਾਲੀ ਆਦਾਨ-ਪ੍ਰਦਾਨ ਲਈ ਵੈੱਬਸਾਈਟ ਇੱਕ ਮਹੱਤਵਪੂਰਨ ਮਾਧਿਅਮ ਸਾਬਤ ਹੋਵੇਗੀ ਅਤੇ ਇਸ ਨਾਲ ਪ੍ਰੈਸ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਵਿਆਪਕ ਪਹਿਚਾਣ ਮਿਲੇਗੀ।