ਅੰਮ੍ਰਿਤਸਰ : ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਕੀਰਤਨੀਏ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੱਲੋਂ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਨੂੰ ਸਮਰਪਿਤ ਕੈਨੇਡਾ ਦੇ ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਸਾਹਿਬ ਵਿਖੇ ਇੱਕ ਵਿਸ਼ਾਲ ਆਤਮਰਸ ਕੀਰਤਨ ਦਰਬਾਰ ਸਮਾਗਮ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕਰਕੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਿਆ ਅਤੇ ਸਿੱਖੀ ਦੇ ਅਸੂਲਾਂ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਲਈ ਅਜਿਹੇ ਸਮਾਗਮ ਆਪਣੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਹਿਣ ਦਾ ਮਹੱਤਵਪੂਰਨ ਸਾਧਨ ਹਨ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਗਿਆਨੀ ਬਲਜੀਤ ਸਿੰਘ ਅਤੇ ਹੋਰ ਪ੍ਰਸਿੱਧ ਕੀਰਤਨੀ ਜਥਿਆਂ ਨੇ ਵੀ ਹਾਜ਼ਰੀ ਭਰੀ। ਉਨ੍ਹਾਂ ਨੇ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਾਮ ਸਿਮਰਨ, ਗੁਰੂ ਦੀ ਬਾਣੀ ਅਤੇ ਸੇਵਾ ਦੇ ਮਹੱਤਵ ਬਾਰੇ ਜਾਣੂ ਕਰਵਾਇਆ।ਸਮਾਗਮ ਦੌਰਾਨ ਸਰਦਾਰ ਮਨਰਾਜ ਸਿੰਘ, ਕਿਰਪਾ ਸਿੰਘ, ਕਿਰਪਾਲ ਸਿੰਘ, ਅਮਰਿੰਦਰ ਸਿੰਘ, ਮਨਜੀਤ ਸਿੰਘ ਰਿਖੀ, ਰੋਬਿਨ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਸਮਾਗਮ ਦੇ ਅੰਤ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤਾਂ ਨੂੰ ਗੁਰਮਤਿ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ ਗਿਆ।