ਅਕਾਲੀ ਆਗੂ ਵਿਨਰਜੀਤ ਗੋਲਡੀ ਨੇ ਕੀਤਾ ਸਨਮਾਨਤ
ਸੁਨਾਮ : ਲੌਂਗੋਵਾਲ ਮਿਊਂਸਪਲ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵਜੋਂ ਜੇਤੂ ਰਹੀ ਛੰਨੋਂ ਦਾ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ਼ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਸਨਮਾਨ ਕੀਤਾ। ਜੋਗੀ ਨਾਥ ਕਬੀਲੇ ਨਾਲ ਸਬੰਧਿਤ ਕੌਂਸਲਰ ਬਣੀ ਛੰਨੋਂ ਲੌਂਗੋਵਾਲ ਦੇ ਵਾਰਡ ਨੰਬਰ 15 ਤੋਂ ਜੇਤੂ ਰਹੀ ਹੈ।
ਝੁੱਗੀਆਂ-ਝੋਪੜੀਆਂ ਤੋਂ ਨਗਰ ਕੌਂਸਲ ਤੱਕ ਦਾ ਸਫ਼ਰ, ਛੰਨੋ ਦੀ ਜਿੱਤ ਇਤਿਹਾਸਕ
ਲੌਂਗੋਵਾਲ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਜੋਗੀ ਨਾਥ ਭਾਈਚਾਰੇ ਨਾਲ ਸਬੰਧਤ ਛੰਨੋ ਦੀ ਜਿੱਤ ਨੂੰ ਇਤਿਹਾਸਕ ਮੰਨਿਆ ਜਾ ਰਿਹਾ ਹੈ। ਸਦੀਆਂ ਤੋਂ ਝੁੱਗੀਆਂ-ਝੋਪੜੀਆਂ ਵਿੱਚ ਰਹਿ ਕੇ ਮਿਹਨਤ-ਮਜ਼ਦੂਰੀ ਕਰਨ ਵਾਲੇ ਇਸ ਭਾਈਚਾਰੇ ਦੀ ਧੀ ਨੇ ਲੋਕਾਂ ਦਾ ਭਰੋਸਾ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ।
ਖ਼ਾਸ ਗੱਲ ਇਹ ਹੈ ਕਿ ਜੋਗੀ ਨਾਥ ਭਾਈਚਾਰੇ ਦੇ ਲੋਕ ਕੋਈ ਬਾਹਰੋਂ ਆ ਕੇ ਵੱਸੇ ਹੋਏ ਨਹੀਂ ਹਨ, ਸਗੋਂ ਉਹ ਲੰਮੇ ਸਮੇਂ ਤੋਂ ਲੌਂਗੋਵਾਲ ਦੇ ਪੱਕੇ ਵਸਨੀਕ ਹਨ ਅਤੇ ਸਥਾਨਕ ਸਮਾਜ ਦਾ ਅਟੁੱਟ ਹਿੱਸਾ ਰਹੇ ਹਨ। ਛੰਨੋ ਦੀ ਇਸ ਜਿੱਤ ਨਾਲ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਵੱਖ-ਵੱਖ ਵਰਗਾਂ ਦੇ ਲੋਕ ਉਸ ਨੂੰ ਮੁਬਾਰਕਬਾਦ ਦੇ ਰਹੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਬਾਅਦ ਲੌਂਗੋਵਾਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਕਬੀਲੇ ਨਾਲ ਸਬੰਧਤ ਕੋਈ ਵਿਅਕਤੀ ਐਮ.ਸੀ. ਚੁਣਿਆ ਗਿਆ ਹੈ। ਛੰਨੋ ਦੀ ਜਿੱਤ ਨੂੰ ਸਮਾਜਿਕ ਬਰਾਬਰੀ ਅਤੇ ਲੋਕਤੰਤਰ ਦੀ ਮਜ਼ਬੂਤੀ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।