ਪਾਤੜਾਂ : ਨਗਰ ਕੌਂਸਲ ਪਾਤੜਾਂ ਦੀਆਂ ਹੋਈਆਂ ਚੋਣਾਂ ਲਈ ਐਲਾਨੇ ਗਏ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਨੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਸਰਕਾਰੀ ਕਿਰਤੀ ਕਾਲਜ ਨਿਆਲ ਵਿਖੇ ਗਿਣਤੀ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ ਜਿਸ ਦੌਰਾਨ ਐਲਾਨੇ ਗਏ 13 ਵਾਰਡਾਂ ਦੇ ਨਤੀਜਿਆਂ ਵਿੱਚੋਂ ਆਮ ਆਦਮੀ ਪਾਰਟੀ ਨੇ ਛੇ, ਕਾਂਗਰਸ ਨੇ ਚਾਰ, ਭਾਰਤੀ ਜਨਤਾ ਪਾਰਟੀ ਨੇ ਦੋ ਅਤੇ ਇੱਕ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਦੱਸਣ ਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਚਾਰ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਹਾਸਿਲ ਕਰ ਚੁੱਕੇ ਹਨ ਇਸ ਤਰ੍ਹਾਂ ਨਗਰ ਕੌਂਸਲ ਪਾਤੜਾਂ ਵਿੱਚ ਆਮ ਆਦਮੀ ਪਾਰਟੀ ਦੇ 10 ਕੌਂਸਲਰ ਬਣੇ ਹਨ। ਚੋਣ ਨਤੀਜਿਆਂ ਦਾ ਐਲਾਨ ਕਰਦਿਆਂ ਐਸਡੀਐਮ ਕਮ ਚੋਣ ਅਧਿਕਾਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਨਗਰ ਕੌਂਸਲ ਪਾਤੜਾਂ ਦੇ ਚਾਰ ਵਾਰਡਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ ਜਿਨਾਂ ਵਿੱਚ ਵਾਰਡ ਨੰਬਰ ਵਾਰਡ ਨੰਬਰ ਇੱਕ ਤੋਂ ਕੁਲਦੀਪ ਸਿੰਘ ਥਿੰਦ, ਵਾਰਡ ਨੰਬਰ ਚਾਰ ਤੋਂ ਅੰਮ੍ਰਿਤਪਾਲ ਸਿੰਘ ਕਾਲੇਕਾ ਵਾਰਡ ਨੰਬਰ 12 ਤੋਂ ਅਨਮਿੰਦਰ ਸਿੰਘ ਅਤੇ ਵਾਰਡ ਨੰਬਰ 17 ਤੋਂ ਰਾਜਵਿੰਦਰ ਕੌਰ ਸ਼ਾਮਲ ਹਨ। ਇਸੇ ਤਰ੍ਹਾਂ ਵਾਰਡ ਨੰਬਰ ਸੱਤ ਤੋਂ ਆਜ਼ਾਦ ਉਮੀਦਵਾਰ ਪ੍ਰੇਮ ਲਤਾ ਨੇ ਕਾਂਗਰਸ ਉਮੀਦਵਾਰ ਪੂਜਾ ਰਾਣੀ ਨੂੰ 218 ਵੋਟਾਂ, ਵਾਰਡ ਨੰਬਰ ਅੱਠ ਤੋਂ ਆਪ ਉਮੀਦਵਾਰ ਮਨਵੀਰ ਸਿੰਘ ਸੰਧੂ ਨੇ ਭਾਰਤੀ ਜਨਤਾ ਪਾਰਟੀ ਦੇ ਰਿੰਕੂ ਦਾਨਵ ਨੂੰ 517 ਵੋਟਾਂ, ਵਾਰਡ ਨੰਬਰ ਨੌ ਤੋਂ ਭਾਜਪਾ ਉਮੀਦਵਾਰ ਰਾਮ ਰਤੀ ਨੇ ਆਪ ਉਮੀਦਵਾਰ ਧਰਮਪਤੀ ਨੂੰ 17 ਵੋਟਾਂ, ਵਾਰਡ ਨੰਬਰ 10 ਤੋਂ ਭਾਜਪਾ ਉਮੀਦਵਾਰ ਜਗਦੀਪ ਸ਼ਰਮਾ ਛੋਟੂ ਨੇ ਆਪ ਉਮੀਦਵਾਰ ਮਦਨ ਲਾਲ ਗੋਇਲ ਨੂੰ 151 ਵੋਟਾਂ, ਵਾਰਡ ਨੰਬਰ 11 ਤੋਂ ਆਪ ਆਗੂ ਗੁਰਮੀਤ ਸਿੰਘ ਦੀ ਪਤਨੀ ਮਿਨੀ ਅਰੋੜਾ ਨੇ ਕਾਂਗਰਸੀ ਉਮੀਦਵਾਰ ਲਾਭ ਕੌਰ ਨੂੰ 227 ਵੋਟਾਂ, ਵਾਰਡ ਨੰਬਰ 13 ਤੋਂ ਆਪ ਉਮੀਦਵਾਰ ਰੇਨੂ ਵਧਵਾ ਨੇ ਭਾਜਪਾ ਉਮੀਦਵਾਰ ਕਿਰਨ ਰਾਣੀ ਗਰਗ ਨੂੰ 20 ਵੋਟਾਂ, ਵਾਰਡ ਨੰਬਰ 14 ਤੋਂ ਕਾਂਗਰਸੀ ਉਮੀਦਵਾਰ ਰਾਜ ਸਿੰਘ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ ਨੂੰ 128 ਵੋਟਾਂ, ਵਾਰਡ ਨੰਬਰ ਤਿੰਨ ਤੋਂ ਆਪ ਉਮੀਦਵਾਰ ਪ੍ਰੀਤੀ ਜੈਨ ਨੇ ਭਾਜਪਾ ਉਮੀਦਵਾਰ ਅਮਰਜੀਤ ਕੌਰ ਨੂੰ 164 ਵੋਟਾਂ ਅਤੇ ਵਾਰਡ ਨੰਬਰ 16 ਤੋਂ ਕਾਂਗਰਸ ਉਮੀਦਵਾਰ ਕ੍ਰਿਸ਼ਨ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਨੂੰ 164 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ।