ਧਨੌਲਾ : ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ ਦੇ ਆਏ ਚੋਣ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 13 ਵਾਰਡਾਂ ਵਿੱਚੋਂ 8 ਵਾਰਡਾਂ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਨੇ ਵੀ ਸਖ਼ਤ ਟੱਕਰ ਦਿੰਦਿਆਂ 5 ਸੀਟਾਂ ਆਪਣੇ ਨਾਮ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ ਸਕੀ। ਇੱਥੇ ਕਾਂਗਰਸ ਪਾਰਟੀ ਦਾ ਕੋਈ ਵੀ ਉਮੀਦਵਾਰ ਪਾਰਟੀ ਚੋਣ ਨਿਸ਼ਾਨ 'ਤੇ ਨਹੀਂ ਲੜਿਆ। ਧਨੌਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕੀਤੀ ਗਈ ਵੋਟਾਂ ਦਾ ਗਿਣਤੀ ਦੇ ਸਾਹਮਣੇ ਆਏ ਨਤੀਜਿਆਂ ਦੌਰਾਨ 13 ਵਿੱਚੋਂ 8 ਸੀਟਾਂ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਮਿਲਣ ਨਾਲ ਹੁਣ ਧਨੌਲਾ ਨਗਰ ਕੌਂਸਲ ਵਿੱਚ 'ਆਪ' ਦਾ ਪ੍ਰਧਾਨ ਬਣਨਾ ਬਿਲਕੁਲ ਤੈਅ ਹੋ ਗਿਆ ਹੈ। ਇਸ ਦੌਰਾਨ ਵਾਰਡ ਨੰਬਰ 01 ਤੋਂ 'ਆਪ' ਦੀ ਉਮੀਦਵਾਰ ਮੌਜੂਦਾ ਪ੍ਰਧਾਨ ਰਣਜੀਤ ਕੌਰ 77 ਵੋਟਾਂ ਨਾਲ ਜੇਤੂ ਰਹੀ। ਵਾਰਡ ਨੰਬਰ 02 ਵਿੱਚ ਆਜ਼ਾਦ ਉਮੀਦਵਾਰ ਬਿਕਰਮਜੀਤ ਸਿੰਘ ਨੇ 2 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ ਨੰਬਰ 03 ਤੋਂ 'ਆਪ' ਦੇ ਬਿੱਲੂ ਖਾਨ 141 ਵੋਟਾਂ ਨਾਲ ਅਤੇ ਵਾਰਡ ਨੰਬਰ 04 ਤੋਂ 'ਆਪ' ਦੇ ਹੀ ਸਾਹਿਬਜੀਤ ਸਿੰਘ ਸੋਢੀ 215 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 05 ਤੋਂ 'ਆਪ' ਦੀ ਹਰਵਿੰਦਰ ਕੌਰ ਫ਼ਤਿਹ ਨੇ 191 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਵਾਰਡ ਨੰਬਰ 06 ਤੋਂ ਆਜ਼ਾਦ ਉਮੀਦਵਾਰ ਮਨੀਸ਼ ਕੁਮਾਰ ਬਾਂਸਲ 62 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 07 ਤੋਂ ਆਜ਼ਾਦ ਉਮੀਦਵਾਰ ਜਸਵੀਰ ਕੌਰ ਨੇ 431 ਵੋਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਅਤੇ ਵਾਰਡ ਨੰਬਰ 08 ਤੋਂ ਵੀ ਆਜ਼ਾਦ ਉਮੀਦਵਾਰ ਸੁਰਜੀਤ ਸਿੰਘ ਸੀਤਾ 193 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 09 ਤੋਂ 'ਆਪ' ਦੀ ਰੋਮਾ ਦੀਕਸ਼ਿਤ 64 ਵੋਟਾਂ ਨਾਲ ਜਿੱਤੀ। ਵਾਰਡ ਨੰਬਰ 10 ਵਿੱਚ ਆਜ਼ਾਦ ਉਮੀਦਵਾਰ ਕੁਲਦੀਪ ਕੌਰ 45 ਵੋਟਾਂ ਨਾਲ ਜੇਤੂ ਰਹੀ। ਵਾਰਡ ਨੰਬਰ 11 ਤੋਂ 'ਆਪ' ਦੇ ਬੂਟਾ ਸਿੰਘ ਢਿੱਲੋਂ 83 ਵੋਟਾਂ ਨਾਲ, ਵਾਰਡ ਨੰਬਰ 12 ਤੋਂ 'ਆਪ' ਦੇ ਧਰਮਿੰਦਰ ਸਿੰਘ ਧੰਨਾ 538 ਵੋਟਾਂ ਨਾਲ ਅਤੇ ਵਾਰਡ ਨੰਬਰ 13 ਤੋਂ 'ਆਪ' ਦੀ ਜਸਪ੍ਰੀਤ ਕੌਰ 254 ਵੋਟਾਂ ਨਾਲ ਜੇਤੂ ਰਹੀ।