ਅੰਮ੍ਰਿਤਸਰ : ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਤਿਆਰ ਕੀਤੀ ਜਾ ਰਹੀ ਲੰਗਰ ਹਾਲ ਦੀ ਨਵੀਂ ਇਮਾਰਤ ਦੀ ਚੌਥੀ ਮੰਜ਼ਿਲ ਦਾ ਲੈਂਟਰ ਅੱਜ ਜੈਕਾਰਿਆਂ ਦੀ ਗੂੰਜ ਵਿੱਚ ਸੰਪੰਨ ਹੋਇਆ। ਇਸ ਤੋਂ ਪਹਿਲਾਂ ਅਰਦਾਸ ਉਪਰੰਤ ਸੇਵਾ ਦੀ ਆਰੰਭਤਾ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲੇ, ਬਾਬਾ ਗੁਰਨਾਮ ਸਿੰਘ, ਬਾਬਾ ਸੋਹਣ ਸਿੰਘ ਜੀ, ਬਾਬਾ ਰਾਣਾ ਜੀ, ਬਾਬਾ ਅਵਤਾਰ ਸਿੰਘ ਜੀ, ਬਾਬਾ ਨਾਜ਼ਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਹੀਰਾ ਸਿੰਘ ਜੀ, ਬਾਬਾ ਪ੍ਰਦੀਪ ਸਿੰਘ ਜੀ, ਬਾਬਾ ਜਗਜੀਤ ਸਿੰਘ ਜੀ, ਬਾਬਾ ਯਾਦਵਿੰਦਰ ਸਿੰਘ ਜੀ, ਗੁਰਦੁਆਰਾ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ , ਬਲਦੇਵ ਸਿੰਘ ਧੁੰਨ ਅਤੇ ਜੇ. ਈ.ਸ਼ਮਸ਼ੇਰ ਸਿੰਘ ਵੱਲੋਂ ਕੰਕਰੀਟ ਦੇ ਪਹਿਲੇ ਬਾਲਟੇ ਪਾ ਕੇ ਕੀਤੀ। ਇਸ ਤੋਂ ਇਲਾਵਾ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਦੇ ਜੋੜਿਆਂ ਦੀ ਸੰਭਾਲ ਲਈ ਅਤਿ-ਆਧੁਨਿਕ ਜੋੜਾ ਘਰ ਵੀ ਤਿਆਰ ਕੀਤਾ ਜਾ ਰਿਹਾ ਹੈ। ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲਿਆਂ ਨੇ ਦੱਸਿਆ ਕਿ ਲੰਗਰ ਹਾਲ ਦੀ ਨਵੀਂ ਇਮਾਰਤ ਨੂੰ ਪੂਰੀ ਤਰ੍ਹਾਂ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਮਾਰਤ ਵਿੱਚ ਵੱਡੀਆਂ ਲਿਫਟਾਂ, ਕੁਦਰਤੀ ਰੋਸ਼ਨੀ ਅਤੇ ਹਵਾ ਦੀ ਸੁਵਿਧਾ, ਪ੍ਰਦੂਸ਼ਣ ਰੋਕੂ ਯੰਤਰ ਅਤੇ ਆਧੁਨਿਕ ਸੁਰੱਖਿਆ ਪ੍ਰਣਾਲੀਆਂ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਮਾਰਤ ਦੀਆਂ ਦੋ ਮੰਜ਼ਿਲਾਂ ਲੰਗਰ ਦੀਆਂ ਰਸਦਾਂ ਸਟੋਰ ਕਰਨ ਅਤੇ ਲੰਗਰ ਤਿਆਰ ਕਰਨ ਲਈ ਹੋਣਗੀਆਂ, ਜਦਕਿ ਦੋ ਮੰਜ਼ਿਲਾਂ ਸੰਗਤਾਂ ਨੂੰ ਪ੍ਰੇਮ ਸਹਿਤ ਲੰਗਰ ਛਕਾਉਣ ਲਈ ਸਮਰਪਿਤ ਕੀਤੀਆਂ ਜਾਣਗੀਆਂ। ਉਨਾ ਦੱਸਿਆ ਕਿ ਅੱਜ ਦੇ ਲੈਂਟਰ ਨਾਲ ਲੰਗਰ ਹਾਲ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਵੱਡਾ ਪੜਾਅ ਮੁਕੰਮਲ ਹੋ ਗਿਆ ਹੈ। ਇਸ ਮੌਕੇ ਸ਼ਹੀਦਾਂ ਸਾਹਿਬ ਦੇ ਮੈਨੇਜਰ ਸ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਗਤਾਂ ਲਈ ਸੁਚਾਰੂ ਤੇ ਸੁਵਿਧਾਜਨਕ ਪ੍ਰਬੰਧਾਂ ਲਈ ਹਮੇਸ਼ਾਂ ਵਚਨਬੱਧ ਹੈ ਅਤੇ ਮਹਾਂਪੁਰਸ਼ਾਂ ਵੱਲੋਂ ਬੜੇ ਮਿਆਰੀ ਅਤੇ ਅਤੀ ਆਧੁਨਿਕ ਸੇਵਾ ਦੇ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ ਜੋ ਮੁਕੰਮਲ ਹੋ ਜਾਣ ਤੇ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸੇਵਾ ਦੇ ਕਾਰਜਾਂ ਵਿੱਚ ਮਾਇਆ,ਸਰੀਆ,ਇੱਟਾਂ ਤੇ ਸੀਮੇਂਟ ਦੀ ਸੇਵਾ ਕਰਕੇ ਸਹਿਯੋਗ ਕਰਨ।