ਲੁਧਿਆਣਾ : ਬੇਤਹਾਸਾ ਪੈ ਰਹੀ ਗਰਮੀ ਵਿੱਚ ਬੇਜ਼ੁਬਾਨ ਜੀਵਾਂ ਦੀ ਪਿਆਸ ਬੁਝਾਉਣਾ ਸਭ ਤੋਂ ਵੱਡੀ ਮਨੁੱਖੀ ਸੇਵਾ ਅਤੇ ਪੁੰਨ ਦਾ ਕਾਰਜ ਹੈ। ਇਹ ਸ਼ਬਦ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਪਟਿਆਲੇ ਵਾਲਿਆਂ ਦੇ ਸਥਾਨਕ ਜਥੇਦਾਰ ਬਾਬਾ ਹਰਪਿੰਦਰ ਸਿੰਘ ਭਿੰਦਾ ਕਾਰ ਸੇਵਾ ਆਲਮਗੀਰ ਵਾਲਿਆਂ ਨੇ ਸੰਗਤਾਂ ਨੂੰ ਅਪੀਲ ਕਰਦਿਆ ਕਿਹੇ ਕਿ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਬੇਜ਼ੁਬਾਨ ਪੰਛੀਆਂ ਲਈ ਘਰਾਂ ਦੀਆਂ ਛੱਤਾਂ 'ਤੇ ਪਾਣੀ ਜਰੂਰ ਰੱਖੋ। ਉਨ੍ਹਾਂ ਕਿਹਾ ਕਿ ਇਸ ਮਈ-ਜੂਨ ਦੇ ਮਹੀਨੇ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਅਸਮਾਨ ਵਿੱਚੋਂ ਵਰ੍ਹ ਰਹੀ ਅੱਗ ਕਾਰਨ ਜਿੱਥੇ ਆਮ ਇਨਸਾਨ ਬੇਹਾਲ ਹੈ, ਉੱਥੇ ਹੀ ਅਸਮਾਨ ਵਿੱਚ ਉੱਡਣ ਵਾਲੇ ਬੇਜ਼ੁਬਾਨ ਪੰਛੀਆਂ ਲਈ ਵੀ ਇਹ ਮੌਸਮ ਬੇਹੱਦ ਚੁਣੌਤੀ ਪੂਰਨ ਬਣ ਗਿਆ ਹੈ। ਇਸ ਸੰਕਟ ਦੇ ਸਮੇਂ ਪੰਛੀਆਂ ਦੀ ਜਾਨ ਬਚਾਉਣ ਲਈ ਦੇਸ਼ ਦੇ ਤਮਾਮ ਸੰਗਤਾਂ ਨੂੰ ਅੱਗੇ ਆਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਸਾਰੇ ਆਪਣੇ ਘਰ ਦੀਆ ਛੱਤਾ 'ਤੇ ਭਾਂਡਿਆ ਵਿੱਚ ਪਾਣੀ ਰੱਖਣਾ ਸ਼ੁਰੂ ਕਰ ਦੇਈਏ, ਤਾਂ ਇਹ ਪੰਛੀ ਆਪਣੀ ਪਿਆਸ ਬੁਝਾ ਕੇ ਨਵੀਂ ਜ਼ਿੰਦਗੀ ਪਾ ਸਕਦੇ ਹਨ । ਉਹਨਾਂ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ ਮਿੱਟੀ ਦੇ ਕੋਰੇ ਭਾਂਡਿਆ ਦੀ ਵਰਤੋਂ ਕਰੋ, ਕਿਉਂਕਿ ਇਸ ਵਿੱਚ ਪਾਣੀ ਲੰਬੇ ਸਮੇਂ ਤੱਕ ਠੰਢਾ ਰਹਿੰਦਾ ਹੈ। ਉਹਨਾਂ ਕਿਹਾ ਕਿ ਭਾਡਿਆ ਵਿੱਚ ਪਾਏ ਪਾਣੀ ਨੂੰ ਰੋਜ਼ਾਨਾ ਬਦਲੋ ਅਤੇ ਭਾਂਡਿਆ ਨੂੰ ਸਾਫ਼ ਰੱਖੋ ਤਾਂ ਜੋ ਪੰਛੀ ਬਿਮਾਰੀਆਂ ਤੋਂ ਬਚੇ ਰਹਿਣ। ਉਹਨਾਂ ਕਿਹਾ ਕਿ ਜੇਕਰ ਛੱਤ ਉੱਪਰ ਕੋਈ ਛਾਂਦਾਰ ਦਰੱਖਤ ਹੋਣ, ਤਾਂ ਪਾਣੀ ਉੱਥੇ ਰੱਖਣਾ ਹੋਰ ਵੀ ਉੱਤਮ ਹੈ। ਉਹਨਾਂ ਕਿਹਾ ਕਿ ਇਸ ਭਿਆਨਕ ਗਰਮੀ ਵਿੱਚ ਬੇਜ਼ੁਬਾਨ ਜੀਵਾਂ ਦੀ ਪਿਆਸ ਬੁਝਾਉਣਾ ਸਭ ਤੋਂ ਵੱਡੀ ਮਨੁੱਖੀ ਸੇਵਾ ਅਤੇ ਪੁੰਨ ਦਾ ਕਾਰਜ ਹੈ। ਆਓ, ਅਸੀਂ ਸਾਰੇ ਰਲ-ਮਿਲ ਕੇ ਇਸ ਮੁਹਿੰਮ ਦਾ ਹਿੱਸਾ ਬਣੀਏ ਅਤੇ ਆਪਣੇ ਘਰ ਦੀ ਛੱਤ 'ਤੇ ਪਾਣੀ ਰੱਖਣ ਦਾ ਪ੍ਰਣ ਲਈਏ।