ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਦਿਹਾਤੀ ਵਿਚ ਪੈਂਦੇ ਅਨੰਦ ਨਗਰ ਬੀ ਦੀ 32 ਨੰਬਰ ਗਲੀ ਕੋਲ ਪਈ ਸਰਕਾਰੀ ਥਾਂ ’ਤੇ 75 ਲੱਖ ਰੁਪਏ ਦੀ ਲਾਗਤ ਨਾਲ ਸੁੰਦਰ ਪਾਰਕ, ਓਪਨ ਜਿੰਮ ਤੇ ਯੋਗਾ ਸ਼ੈਡ ਦਾ ਨਿਰਮਾਣ ਕੀਤਾ ਜਾਵੇਗਾ। ਅੱਜ ਇਥੇ ਵਾਰਡ ਨੰਬਰ 5 ਦੇ ਵਾਸੀਆਂ ਨਾਲ ਮਿਲ ਕੇ ਪਾਰਕ ਵਾਲੀ ਥਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ, ਪੰਜਾਬੀ ਤੇ ਪੰਜਾਬੀਆਂ ਦੀ ਬੇਹਤਰੀ ਲਈ ਕੰਮ ਕਰ ਰਹੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਇਸ ਥਾਂ ’ਤੇ ਆਪ ਕਲੀਨਿਕ ਸਫਲਤਾ ਪੂਰਵਕ ਚਲਾਇਆ ਜਾ ਰਿਹਾ ਹੈ, ਜਿਸ ਵਿਚ ਰੋਜ਼ਾਨਾ ਸੈਂਕੜੇ ਦੀ ਗਿਣਤੀ ਵਿਚ ਮਰੀਜ਼ ਲਾਹਾ ਲੈਂਦੇ ਹਨ। ਉਹਨਾਂ ਕਿਹਾ ਕਿ ਇਥੇ ਥਾਂ ਦੇ ਨਿਰਮਾਣ ਨਾਲ ਇਹ ਕਲਾਸਾਂ ਹੋਰ ਵੀ ਵੱਡੇ ਪੱਧਰ ’ਤੇ ਚਲਾਈਆਂ ਜਾ ਸਕਣਗੀਆਂ। ਉਹਨਾਂ ਕਿਹਾ ਕਿ ਇਸੇ ਤਰੀਕੇ ਲੋਕਾਂ ਦੇ ਮੁਫਤ ਇਲਾਜ ਲਈ 10 ਲੱਖ ਰੁਪਏ ਦੀ ਬੀਮਾ ਸਕੀਮ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੀ ਜਾ ਰਹੀ ਹੈ ਜਿਸ ਦਾ ਲਾਭ ਲੈਣ ਲਈ ਲੋਕਾਂ ਨੂੰ ਇਸ ਦੀ ਰਜਿਸਟਰੇਸ਼ਨ ਜਲਦੀ ਤੋਂ ਜਲਦੀ ਕਰਵਾਉਣੀ ਚਾਹੀਦੀ ਹੈ। ਉਹਨਾਂ ਇਹ ਵੀ ਅਪੀਲ ਕੀਤੀ ਕਿ ਜਿਹੜੀਆਂ ਔਰਤਾਂ ਨੇ ਹੁਣ ਤੱਕ ਇਕ-ਇਕ ਹਜ਼ਾਰ ਰੁਪਏ ਵਾਲੀ ਸਕੀਮ ਦੀ ਰਜਿਸਟਰੇਸ਼ਨ ਨਹੀਂ ਕਰਵਾਈ, ਉਹ ਵੀ ਤੁਰੰਤ ਆਪਣੀ ਰਜਿਸਟਰੇਸ਼ਨ ਕਰਵਾਉਣ।