ਖਨੌਰੀ : ਖਨੌਰੀ-ਕੈਥਲ ਸੜਕ ’ਤੇ ਪਿੰਡ ਸੇਰਗੜ ਦੇ ਨਜ਼ਦੀਕ ਕੈਥਲ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਿਹਾ ਪਿਆਜ਼ਾਂ ਨਾਲ ਭਰਿਆ ਇੱਕ ਟਰਾਲਾ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਗਨੀਮਤ ਇਹ ਰਹੀ ਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਟਰਾਲੇ ਦੇ ਪਲਟਣ ਨਾਲ ਸੜਕ ’ਤੇ ਪਿਆਜ਼ਾਂ ਦੇ ਨਾਲ ਕੁਝ ਹੋਰ ਤਰ੍ਹਾਂ ਦੇ ਗੱਟੇ ਵੀ ਖਿੱਲਰ ਗਏ, ਜਿਸ ਕਾਰਨ ਇਕੱਠੇ ਹੋਏ ਲੋਕਾਂ ਵਿੱਚ ਸ਼ੱਕ ਅਤੇ ਚਰਚਾ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਚੌਂਕੀ ਗੁਲਜ਼ਾਰਪੁਰਾ (ਠਰੂਆ) ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਲੋਕਾਂ ਨੂੰ ਖਿੱਲਰੇ ਸਮਾਨ ਤੋਂ ਦੂਰ ਕਰ ਦਿੱਤਾ। ਕੁਝ ਸਮੇਂ ਬਾਅਦ ਪੁਲਿਸ ਦੀ ਇੱਕ ਹੋਰ ਗੱਡੀ ਮੌਕੇ ’ਤੇ ਆਈ ਅਤੇ ਟਰਾਲੇ ਵਿੱਚ ਪਏ ਵੱਖ-ਵੱਖ ਤਰ੍ਹਾਂ ਦੇ ਗੱਟਿਆਂ ਨੂੰ ਆਪਣੀ ਗੱਡੀ ਵਿੱਚ ਲੱਦ ਕੇ ਲੈ ਗਈ, ਜਦਕਿ ਬਾਕੀ ਸਮਾਨ ਨੂੰ ਹੱਥ ਤੱਕ ਨਹੀਂ ਲਾਇਆ ਗਿਆ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਹੈਰਾਨੀ ਜਤਾਈ ਕਿ ਕੋਈ ਵੀ ਉੱਚ ਪੁਲਿਸ ਅਧਿਕਾਰੀ ਮੌਕੇ ਦਾ ਮੁਆਇਨਾ ਕਰਨ ਨਹੀਂ ਪਹੁੰਚਿਆ। ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਗੱਲ ਕਰਨ ’ਤੇ ਉਨ੍ਹਾਂ ਨੇ ਇਹ ਕਹਿ ਕੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਸਬੰਧੀ ਉੱਚ ਅਧਿਕਾਰੀ ਹੀ ਜਾਣਕਾਰੀ ਦੇ ਸਕਦੇ ਹਨ। ਖ਼ਬਰ ਲਿਖੇ ਜਾਣ ਤੱਕ ਟਰਾਲੇ ਵਿੱਚ ਪਏ ਗੱਟਿਆਂ ਅੰਦਰ ਕੀ ਸਮਾਨ ਸੀ, ਇਸ ਬਾਰੇ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕੀ ਸੀ ਅਤੇ ਮਾਮਲਾ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।